ਚੰਡੀਗੜ੍ਹ/ਨਵੀਂ ਦਿੱਲੀ, 30 ਮਈ
ਪੰਜਾਬ, ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਅੱਜ ਜਿੱਥੇ ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ ਉੱਥੇ ਕੌਮੀ ਰਾਜਧਾਨੀ ਦਿੱਲੀ ’ਚ ਮਾਮੂਲੀ ਮੀਂਹ ਪੈਣ ਮਗਰੋਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਜਸਥਾਨ ’ਚ 1 ਜੂਨ ਮਗਰੋਂ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 48.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ 49.1 ਡਿਗਰੀ ਤਾਪਮਾਨ ਨਾਲ ਹਰਿਆਣਾ ਦਾ ਸਿਰਸਾ ਸਭ ਤੋਂ ਗਰਮ ਰਿਹਾ। ਪੰਜਾਬ ਵਿੱਚ ਅਗਲੇ 2-3 ਦਿਨ ਗਰਮੀ ਤੋਂ ਮਾਮੂਲੀ ਜਿਹੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਦੇ ਚਲਦਿਆਂ 31 ਮਈ ਤੇ 1 ਜੂਨ ਨੂੰ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦਰਮਿਆਨ ਤੇਜ਼ ਰਫ਼ਤਾਰ ਹਵਾਵਾਂ ਚੱਲਣ ਦੇ ਨਾਲ ਨਾਲ ਕਿਣਮਿਣ ਵੀ ਹੋ ਸਕਦੀ ਹੈ।
ਉੱਧਰ ਕੌਮੀ ਰਾਜਧਾਨੀ ਦਿੱਲੀ ਵਿੱਚ ਕੱਲ੍ਹ ਦੇਰ ਸ਼ਾਮ ਪਏ ਹਲਕੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਵਿਭਾਗ ਅਨੁਸਾਰ ਤਾਪਮਾਨ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਮਾਮੂਲੀ ਗਿਰਾਵਟ ਦੇਖੀ ਗਈ।
ਮੌਸਮ ਵਿਭਾਗ ਨੇ ਰੈੱਡ ਅਲਰਟ ਨੂੰ ਹੁਣ ਸੰਤਰੀ ਅਲਰਟ ’ਚ ਤਬਦੀਲ ਕਰ ਦਿੱਤਾ ਹੈ। 31 ਮਈ ਅਤੇ 1 ਜੂਨ ਤੱਕ ਤਾਪਮਾਨ 3-4 ਡਿਗਰੀ ਘਟਣ ਦੀ ਸੰਭਾਵਨਾ ਹੈ। ਰਾਜਸਥਾਨ ’ਚ ਤਾਪਮਾਨ ’ਚ ਤਿੰਨ ਡਿਗਰੀ ਤੱਕ ਦੀ ਗਿਰਾਵਟ ਦੇ ਬਾਵਜੂਦ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ 1 ਜੂਨ ਤੋਂ ਲੂ ਤੋਂ ਰਾਹਤ ਮਿਲਣ ਦੇ ਸੰਕੇਤ ਦਿੱਤੇ ਹਨ। ਅਗਲੇ 48 ਘੰਟਿਆਂ ਅੰਦਰ ਇਸ ਵਿੱਚ 2-3 ਡਿਗਰੀ ਸੈਲਸੀਅਸ ਦੀ ਕਮੀ ਆਉਣ ਦੀ ਸੰਭਾਵਨਾ ਹੈ।