ਪੰਜਾਬ ਦੇ ਲੋਕ ਖੇਤਰੀ ਪਾਰਟੀ ਅਕਾਲੀ ਦਲ ਨਾਲ ਖੜ੍ਹਨਗੇ, ਦਿੱਲੀ ਦੇ ਲੁਟੇਰਿਆਂ ਨਾਲ ਨਹੀਂ-ਸੁਖਬੀਰ ਬਾਦਲ

ਵਿਧਾਨ ਸਭਾ ਹਲਕਾ ਸੁਜਾਨਪੁਰ ‘ਚ ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਵਿਸ਼ਾਲ ਰੈਲੀ

ਸੁਜਾਨਪੁਰ/ਪਠਾਨਕੋਟ, 25 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਸ ਗੁਰੂ ਸਾਹਿਬਾਨ ਦੇ ਦੱਸੇ ਰਸਤੇ ‘ਤੇ ਚੱਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਜਦੋਂਕਿ ਦਿੱਲੀ ਵਾਲੀਆਂ ਕੇਂਦਰੀ ਪਾਰਟੀਆਂ ਇਸ ਦੇ ਉਲਟ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਖਾਤਰ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਰਾਹ ਅਲੱਗ ਕਰਕੇ ਇਸ ਵਾਰ ਇਕੱਲਿਆਂ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਪੰਜਾਬ ਦੇ ਲੋਕ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੇ ਨਾਲ ਖੜ੍ਹਨਗੇ, ਦਿੱਲੀ ਦੇ ਲੁਟੇਰਿਆਂ ਦੇ ਨਾਲ ਨਹੀਂ।
ਅੱਜ ਸੁਜਾਨਪੁਰ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਵਿਚ ਬਿਜਲੀ, ਸੜਕਾਂ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਲਈ ਜਿਹੜੇ ਕਾਰਜ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਏ, ਉਹ ਹੋਰ ਸਰਕਾਰਾਂ ਨਹੀਂ ਕਰ ਸਕੀਆਂ। ਉਨ੍ਹਾਂ ਆਖਿਆ ਕਿ ਅੱਜ ਦੇ ਸਮੇਂ ਵਿਚ ਬਿਜਲੀ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਬਿਜਲੀ ਦੀ ਪੂਰਤੀ ਲਈ ਰਣਜੀਤ ਸਾਗਰ ਡੈਮ ਅਤੇ ਪੰਜਾਬ ਦੇ ਸਾਰੇ ਥਰਮਲ ਪਲਾਂਟ ਅਕਾਲੀ ਸਰਕਾਰਾਂ ਦੌਰਾਨ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬਣਵਾਏ ਸਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਸਾਰੇ ਘਰੇਲੂ ਅਤੇ ਕੌਮਾਂਤਰੀ ਹਵਾਈ ਅੱਡੇ, ਚਾਰ ਮਾਰਗੀ ਤੇ ਛੇ ਮਾਰਗੀ ਸ਼ਾਨਦਾਰ ਸੜਕਾਂ ਅਤੇ ਵੱਡੇ-ਵੱਡੇ ਪੁਲ ਤੇ ਫਲਾਈਓਵਰ ਸਿਰਫ਼ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਬਣਵਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਲੰਬਾ ਸਮਾਂ ਪੰਜਾਬ ਦੀ ਸੱਤਾ ‘ਚ ਰਹੀ ਅਤੇ ਆਮ ਆਦਮੀ ਨੂੰ ਵੀ ਢਾਈ ਸਾਲ ਸਰਕਾਰ ਵਿਚ ਹੋ ਚੱਲੇ ਹਨ ਪਰ ਇਨ੍ਹਾਂ ਸਰਕਾਰਾਂ ਕੋਲ ਪੰਜਾਬ ਲਈ ਕੀਤਾ ਕੋਈ ਇਕ ਵੀ ਗਿਣਨਯੋਗ ਕਾਰਜ ਨਹੀਂ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰਾਂ ਦੌਰਾਨ ਗਰੀਬ ਦਲਿਤ ਪਰਿਵਾਰਾਂ ਦੇ ਬੱਚਿਆਂ ਲਈ ਵਿਦਿਆ ਸਕਾਲਰਸ਼ਿਪ, ਪੈਨਸ਼ਨਾਂ, ਵਿਸ਼ਵ ਕਬੱਡੀ ਕੱਪ, ਪਿੰਡਾਂ ਲਈ ਦਿੱਤੇ ਜਾਣ ਵਾਲੇ ਜਿਮ ਫੰਡ ਅਤੇ ਸੇਵਾ ਕੇਂਦਰ ਦੂਜੀਆਂ ਸਰਕਾਰਾਂ ਨੇ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਲਈ ਸਭ ਤੋਂ ਪਹਿਲੀ ਲੋੜ ਅਮਨ-ਕਾਨੂੰਨ ਵਿਵਸਥਾ ਤੇ ਭਾਈਚਾਰਕ ਏਕਤਾ ਹੁੰਦੀ ਹੈ ਅਤੇ ਅਕਾਲੀ ਸਰਕਾਰਾਂ ਦੌਰਾਨ ਹੀ ਪੰਜਾਬ ‘ਚ ਸਥਿਰਤਾ ਤੇ ਅਮਨ-ਸ਼ਾਂਤੀ ਰਹਿੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਗਰਿਮਾ ਨੂੰ ਖ਼ਤਮ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਜਰਮਨੀ ਤੋਂ ਵਾਪਸੀ ਵੇਲੇ ਸ਼ਰਾਬ ਪੀਤੀ ਹੋਣ ਕਾਰਨ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨਸ਼ਾ ਵੇਚਣ ਵਾਲਿਆਂ ਤੋਂ ਪੈਸੇ ਲੈ ਰਹੇ ਹਨ। ਪੰਜਾਬ ਵਿਚ ਲੁੱਟਾਂ-ਖੋਹਾਂ ਅਤੇ ਬਦਅਮਨੀ ਏਨੀ ਵੱਧ ਗਈ ਹੈ ਕਿ ਪੰਜਾਬ ਵਿਚੋਂ ਕਾਰੋਬਾਰੀ ਤੇ ਵਪਾਰੀ ਵਰਗ ਦੂਜੇ ਸੂਬਿਆਂ ਵੱਲ ਜਾਣ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਸਰਕਾਰ ਦੌਰਾਨ ਅਰਬਾਂ ਰੁਪਏ ਦਾ ਨਿਵੇਸ਼ ਹੋਇਆ ਅਤੇ ਵਿਦੇਸ਼ੀ ਨਿਵੇਸ਼ਕ ਵੀ ਪੰਜਾਬ ਵਿਚ ਆ ਕੇ ਕੰਮ ਕਰਨ ਲੱਗੇ ਸਨ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਦੀ ਤਰੱਕੀ ਹੋਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਵਿਦੇਸ਼ੀ ਹਮਲਾਵਰਾਂ ਵਾਂਗ ਲੁੱਟਣ ਲਈ ਆਉਂਦੀਆਂ ਹਨ, ਜਿਨ੍ਹਾਂ ਨੂੰ ਭਜਾਉਣ ਲਈ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਲੋੜ ਹੈ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕਾਂਗਰਸ ਸਰਕਾਰ ਨੇ ਹਮਲਾ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਨਵੰਬਰ ’84 ਨੂੰ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ 10 ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਇਆ, ਜਿਸ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਨਹੀਂ ਮਿਲ ਸਕੀਆਂ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਜਿੱਥੇ ਕਾਂਗਰਸ ਸਰਕਾਰ ਵਲੋਂ ਸਿੱਖਾਂ ‘ਤੇ ਕੀਤੇ ਜ਼ੁਲਮਾਂ ਦਾ ਬਦਲਾ ਲੈਣ ਲਈ ਅਕਾਲੀ ਦਲ ਨੂੰ ਵੋਟਾਂ ਪਾਈਆਂ ਜਾਣ, ਉਥੇ ਪੰਜਾਬ ਨਾਲ ਧੋਖਾ ਕਰਨ ਵਾਲੀ ਭ੍ਰਿਸ਼ਟ ਪਾਰਟੀ ਆਮ ਆਦਮੀ ਪਾਰਟੀ ਅਤੇ ਕਿਸਾਨਾਂ, ਕਿਰਤੀਆਂ ਤੇ ਵਪਾਰੀਆਂ ਦੀ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਵੀ ਸਬਕ ਸਿਖਾਇਆ ਜਾਵੇ।
ਇਸ ਮੌਕੇ ਟਕਸਾਲੀ ਅਕਾਲੀ ਆਗੂ ਜਥੇਦਾਰ ਨਰਿੰਦਰ ਸਿੰਘ ਬਾੜਾ, ਮਨਪ੍ਰੀਤ ਸਿੰਘ ਸਾਹਨੀ, ਯੂਥ ਅਕਾਲੀ ਦਲ ਪਠਾਨਕੋਟ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ, ਜਸਪਾਲ ਸਿੰਘ ਪੱਲੀ, ਰਵਿੰਦਰ ਸਿੰਘ ਜੱਗਾ, ਸੁਖਜਿੰਦਰ ਸਿੰਘ ਲੰਗਾਹ,ਰੂਪਾ ਦੇਵੀ, ਜੋਗਿੰਦਰ ਕੌਰ, ਸ਼ੀਲਾ ਲਮੀਣੀ, ਰਾਮ ਲੁਭਾਇਆ, ਹਨੀ ਸਰਪੰਚ, ਰਣਜੀਤ ਠਾਕਰ ਅਤੇ ਗੁਰਦੀਪ ਸਿੰਘ ਰਾਣੀਪੁਰ ਆਦਿ ਵੀ ਹਾਜ਼ਰ ਸਨ।

Leave a Comment

[democracy id="1"]

You May Like This