Search
Close this search box.

ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖਦਿਆਂ ਭਾਜਪਾ ਧਰਮਾਂ ਨੂੰ ਲੜਾਉਣ ‘ਤੇ ਉਤਰੀ-ਸੁਖਬੀਰ ਬਾਦਲ

ਪੰਜਾਬੋਂ ਬਾਹਰਲੇ ਸਿੱਖਾਂ ਦੇ ਗੁਰਧਾਮਾਂ ‘ਤੇ ਆਰ.ਐੱਸ.ਐੱਸ. ਕਾਬਜ਼ ਹੋਈ-ਸੁਖਬੀਰ ਬਾਦਲ

ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਦੀਨਾਨਗਰ ‘ਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ

ਦੀਨਾਨਗਰ, 25 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਦੀਨਾਨਗਰ ਦੇ ਏ.ਐੱਸ. ਗਾਰਡਨ ਵਿਖੇ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ‘ਚ 400 ਤੋਂ ਪਾਰ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ, ਉਹ 200 ਦੇ ਅੰਕੜੇ ‘ਤੇ ਵੀ ਪੁੱਜਦੀ ਦਿਖਾਈ ਨਹੀਂ ਦੇ ਰਹੀ। ਇਸੇ ਕਾਰਨ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖਦਿਆਂ ਭਾਰਤੀ ਜਨਤਾ ਪਾਰਟੀ ਇਕ ਧਰਮ ਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਆਪਸ ਵਿਚ ਲੜਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਦੀਨਾਨਗਰ ਵਿਖੇ ਵਿਸ਼ਾਲ ਲੋਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਇਹ ਲੋਕ ਸਭਾ ਚੋਣਾਂ ਪੰਜਾਬ ਬਨਾਮ ਦਿੱਲੀ ਦੀ ਲੜਾਈ ਹੈ ਅਤੇ ਪੰਜਾਬ ਦੀ ਪ੍ਰਤੀਨਿਧ ਪਾਰਟੀ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਆਖਿਆ ਕਿ ਦੂਜੀਆਂ ਪਾਰਟੀਆਂ ਕੇਂਦਰੀ ਰਾਜਨੀਤੀ ਕਰਦੀਆਂ ਹਨ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਦੁੱਖ-ਦਰਦ ਸਾਂਝਾ ਨਹੀਂ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਖ਼ਾਲਸਾ ਪੰਥ ਦੀ ਫ਼ੌਜ ਅਤੇ ਪੰਜਾਬੀਅਤ ਦੀ ਖੇਤਰੀ ਪਾਰਟੀ ਹੋਣ ਕਾਰਨ ਸਾਡਾ ਪੰਜਾਬ ਦੇ ਸਾਰੇ ਵਰਗ ਦੇ ਲੋਕਾਂ ਨਾਲ ਦੁੱਖ-ਸੁੱਖ ਅਤੇ ਜੀਣਾ-ਮਰਨਾ ਸਾਂਝਾ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਦੋਸ਼ ਲਾਉਂਦਿਆਂ ਆਖਿਆ ਕਿ ਸਿੱਖਾਂ ਦੇ ਪਾਵਨ ਤਖ਼ਤ ਹਜ਼ੂਰ ਸਾਹਿਬ ਤੋਂ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਰ.ਐੱਸ.ਐੱਸ. ਕਾਬਜ਼ ਹੋ ਚੁੱਕੀ ਹੈ ਅਤੇ ਸਿੱਖਾਂ ਦੇ ਖੂਨ ਨਾਲ ਬਣੀ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਵੀ ਤੋੜ ਨਹੀਂ ਸਕੇ ਸਨ, ਉਸ ਨੂੰ ਤੋੜ ਕੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾ ਕੇ ਸਿੱਖਾਂ ਨੂੰ ਕਮਜ਼ੋਰ ਕੀਤਾ ਗਿਆ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ‘ਤੇ ਵਰ੍ਹਦਿਆਂ ਆਖਿਆ ਕਿ ਚੋਣਾਂ ‘ਚ ਆਪਣੀ ਹਾਰ ਹੁੰਦੀ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਨੇ ਬੁਖਲਾ ਗਏ ਹਨ ਕਿ ਕਦੇ ਇਹ ਆਖ ਰਹੇ ਹਨ ਕਿ ਜੇ ਉਹ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਦੂਜੇ ਲੋਕ ਹਿੰਦੂ ਔਰਤਾਂ ਦੇ ਮੰਗਲ ਸੂਤਰ ਤੱਕ ਖੋਹ ਲੈਣਗੇ ਅਤੇ ਕਦੇ ਉੱਤਰ ਪ੍ਰਦੇਸ਼ ‘ਚ ਜਾ ਕੇ ਲੋਕਾਂ ਨੂੰ ਇਹ ਡਰਾਵਾ ਦੇ ਰਹੇ ਹਨ ਕਿ ਜੇ ਉਹ ਪ੍ਰਧਾਨ ਮੰਤਰੀ ਨਾ ਰਹੇ ਤਾਂ ਲੋਕਾਂ ਦੇ ਘਰਾਂ ਵਿਚ ਲੱਗੀਆਂ ਪਾਣੀ ਦੀਆਂ ਟੂਟੀਆਂ ਵੀ ਸੁਰੱਖਿਅਤ ਨਹੀਂ ਰਹਿਣਗੀਆਂ। ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਸਾਰਿਆਂ ਦਾ ਬਰਾਬਰ ਸਾਂਝਾ ਹੈ ਭਾਵੇਂ 70 ਫ਼ੀਸਦੀ ਆਬਾਦੀ ਵਾਲਾ ਧਰਮ ਹੋਵੇ, ਭਾਵੇਂ 5 ਫ਼ੀਸਦੀ, ਭਾਵੇਂ 2 ਤੇ ਭਾਵੇਂ 1 ਫ਼ੀਸਦੀ ਆਬਾਦੀ ਵਾਲੇ ਧਰਮ ਦੇ ਲੋਕ ਹੋਣ।
ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਨਫ਼ਰਤ ਦੀ ਰਾਜਨੀਤੀ ਨੂੰ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਇਸ ਪਾਰਟੀ ਦੀ ਲੋਕ ਸਭਾ ਚੋਣਾਂ ‘ਚ ਬੁਰੀ ਤਰ੍ਹਾਂ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਇਸ ਵਾਰ ਸਿਰਫ਼ ਇਕ-ਦੋ ਸੀਟਾਂ ਹੀ ਭਾਰਤੀ ਜਨਤਾ ਪਾਰਟੀ ਨੂੰ ਮਿਲਣਗੀਆਂ ਅਤੇ ਪੰਜਾਬ ਵਿਚ ਤਾਂ ਇਸ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਰੇਕ ਸਿੱਖ ਦੇ ਜ਼ਿਹਨ ‘ਚ ਜੂਨ 1984 ‘ਚ ਕਾਂਗਰਸ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤੇ ਗਏ ਕਹਿਰੀ ਹਮਲੇ ਦੀ ਯਾਦ ਆਵੇਗੀ। ਉਨ੍ਹਾਂ ਆਖਿਆ ਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਜੂਨ 1984 ਦੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲੇ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕ ਬਦਲਾਅ ਦੇ ਨਾਂਅ ‘ਤੇ ਐਸਾ ਗੁੰਮਰਾਹ ਹੋਏ ਕਿ ਉਹ ਗ਼ਲਤੀ ਨਾਲ ਇਕ ਸ਼ਰਾਬੀ ਬੰਦੇ ਨੂੰ ਮੁੱਖ ਮੰਤਰੀ ਬਣਾ ਬੈਠੇ ਅਤੇ ਹੁਣ ਉਹ ਕਿਸੇ ਵੀ ਝਾਂਸੇ ‘ਚ ਆ ਕੇ ਗ਼ਲਤੀ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਪੈਸੇ ਲੈ ਕੇ ਸ਼ਰ੍ਹੇਆਮ ਨਸ਼ੇ ਵਿਕਵਾ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਕਾਲੀ ਸਰਕਾਰ ਦੌਰਾਨ ਉਨ੍ਹਾਂ ਨੇ ਥੀਨ ਡੈਮ ਦੇ ਆਸਪਾਸ ਦੇ ਇਲਾਕੇ ਨੂੰ ਸੈਰ-ਸਪਾਟੇ ਲਈ ਅਜਿਹੇ ਖੂਬਸੂਰਤ ਰੂਪ ‘ਚ ਵਿਕਸਿਤ ਕਰਨ ਲਈ ਵੱਡੀ ਯੋਜਨਾ ਬਣਾਈ ਸੀ ਕਿ ਉੱਤਰੀ ਭਾਰਤ ਦੇ ਲੋਕਾਂ ਨੇ ਸੈਰ-ਸਪਾਟੇ ਲਈ ਇਸ ਦੇ ਸਾਹਮਣੇ ਗੋਆ ਨੂੰ ਭੁੱਲ ਜਾਣਾ ਸੀ। ਉਨ੍ਹਾਂ ਕਿਹਾ ਕਿ ਦੁਬਾਰਾ ਸਰਕਾਰ ਨਾ ਬਣਨ ਕਾਰਨ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਵਿਚ ਉਨ੍ਹਾਂ ਦੇ ਕਈ ਡਰੀਮ ਪ੍ਰਾਜੈਕਟ ਵਿਚਾਲੇ ਰਹਿ ਗਏ। ਉਨ੍ਹਾਂ ਕਿਹਾ ਕਿ ਹੁਣ ਮੁੜ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਉਹ ਇਨ੍ਹਾਂ ਜ਼ਿਲ੍ਹਿਆਂ ‘ਚ ਸਿਹਤ, ਸਿੱਖਿਆ ਤੇ ਰੁਜ਼ਗਾਰ ਲਈ ਵੱਡੇ ਪ੍ਰਾਜੈਕਟ ਸ਼ੁਰੂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਆਖਿਆ ਕਿ ਜਦੋਂ ਤੱਕ ਪੰਜਾਬੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਨਹੀਂ ਕਰਦੇ ਤਾਂ ਪੰਜਾਬ ‘ਚ ਸਿੱਖਾਂ, ਈਸਾਈਆਂ ਤੇ ਮੁਸਲਮਾਨਾਂ ‘ਤੇ ਹਮਲੇ ਹੁੰਦੇ ਰਹਿਣਗੇ ਅਤੇ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਲੁੱਟਦੀਆਂ ਰਹਿਣਗੀਆਂ। ਉਨ੍ਹਾਂ ਪੜ੍ਹੇ-ਲਿਖੇ ਤੇ ਸੂਝਵਾਨ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਣ ਦੀ ਅਪੀਲ ਕੀਤੀ ਤਾਂ ਜੋ ਉਹ ਪੰਜਾਬ ਦੀ ਵਕਾਲਤ ਲੋਕ ਸਭਾ ‘ਚ ਕਰ ਸਕਣ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਉਹ ਜਿੱਤ ਕੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਬਠਿੰਡਾ ਵਾਂਗ ਏਮਜ਼ ਵਰਗਾ ਇਕ ਹਸਪਤਾਲ ਸਥਾਪਿਤ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਗੁਰਦਾਸਪੁਰ ਹਲਕੇ ‘ਚ ਝੂਠੇ ਪਰਚਿਆਂ ਰਾਹੀਂ ਲੋਕਾਂ ‘ਤੇ ਕੀਤੇ ਜ਼ੁਲਮਾਂ ਦਾ ਹਿਸਾਬ ਲਿਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਵਲੋਂ ਗ਼ਰੀਬਾਂ ਦੀਆਂ ਬੰਦ ਕੀਤੀਆਂ ਭਲਾਈ ਯੋਜਨਾਵਾਂ ਨੂੰ ਮੁੜ ਚਲਾ ਕਰਕੇ ਇਨ੍ਹਾਂ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਦੂਜੀਆਂ ਪਾਰਟੀਆਂ ਨਫ਼ਰਤ ਦੀ ਰਾਜਨੀਤੀ ਕਰਦੀਆਂ ਹਨ ਪਰ ਹੁਣ ਤਾਂ ਚੋਣ ਕਮਿਸ਼ਨ ਵਲੋਂ ਵੀ ਕੇਂਦਰੀ ਪਾਰਟੀਆਂ ਨੂੰ ਨਫ਼ਰਤ ਦੀ ਰਾਜਨੀਤੀ ਬੰਦ ਕਰਨ ਦੀ ਨਸੀਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ‘ਚ ਭਾਈਚਾਰਕ ਏਕਤਾ ਤੇ ਅਮਨ-ਕਾਨੂੰਨ ਦੀ ਸਥਿਤੀ ਵਧੀਆ ਹੁੰਦੀ ਹੈ ਪਰ ਹੁਣ ਤਾਂ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਕਿੱਥੇ ਗੋਲੀ ਚੱਲ ਜਾਵੇ ਤੇ ਕਦੋਂ ਕਿਸੇ ਨੂੰ ਫ਼ਿਰੌਤੀ ਦੀ ਚਿੱਠੀ ਆ ਜਾਵੇ। ਉਨ੍ਹਾਂ ਕਿਹਾ ਕਿ ਸਥਿਰਤਾ ਤੇ ਵਿਕਾਸ ਵਾਲਾ ਰਾਜ ਕਾਇਮ ਕਰਨ ਲਈ ਅਕਾਲੀ ਦਲ ਨੂੰ ਜਿਤਾਉਣਾ ਪਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਬੇਅਦਬੀਆਂ ਦੇ ਝੂਠੇ ਦੋਸ਼ ਲਾ ਕੇ ਅਕਾਲੀ ਦਲ ਨੂੰ ਇਕ ਵੱਡੀ ਸਾਜ਼ਿਸ਼ ਤਹਿਤ ਬਦਨਾਮ ਕੀਤਾ ਗਿਆ ਸੀ, ਜਦੋਂਕਿ ਪੰਜ ਸਾਲ ਕਾਂਗਰਸ ਅਤੇ ਢਾਈ ਸਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹੋ ਚੁੱਕੇ ਹਨ, ਕੋਈ ਵੀ ਸਰਕਾਰ ਬੇਅਦਬੀਆਂ ਦੇ ਮਾਮਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਆਗੂ ਦੀ ਸ਼ਮੂਲੀਅਤ ਸਾਬਤ ਨਹੀਂ ਕਰ ਸਕੀ, ਜਦੋਂਕਿ ਦੂਜੇ ਪਾਸੇ ਜੇ ਕੇਜਰੀਵਾਲ ਸੱਚਮੁਚ ਭ੍ਰਿਸ਼ਟ ਸੀ ਤਾਂ ਅੱਜ ਉਹ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਵੀ ਜਾ ਚੁੱਕੇ ਹਨ। ਡਾ. ਚੀਮਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਮੁੱਲ ਦੀਆਂ ਖ਼ਬਰਾਂ ਲਾਉਣ ਤੋਂ ਇਨਕਾਰ ਕਰਨ ‘ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ‘ਤੇ ਕੀਤੇ ਝੂਠੇ ਪਰਚੇ ਵਿਰੁੱਧ ਨਿੰਦਾ ਮਤਾ ਪਾਸ ਕਰਦਿਆਂ ਇਹ ਪਰਚਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਜਨਤਾ ਦਲ ਸੈਕੂਲਰ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਅਤੇ ਕਮਲਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਲ ਹੁੰਦਿਆਂ ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਗੁਰਦਾਸਪੁਰ (ਸ਼ਹਿਰੀ) ਜ਼ਿਲ੍ਹਾ ਪ੍ਰਧਾਨ ਵਿਜੇ ਮਹਾਜਨ, ਵਿਧਾਨ ਸਭਾ ਹਲਕਾ ਦੀਨਾਨਗਰ ਦੇ ਇੰਚਾਰਜ ਕਮਲਜੀਤ ਚਾਵਲਾ, ਟਕਸਾਲੀ ਅਕਾਲੀ ਆਗੂ ਜਥੇਦਾਰ ਨਰਿੰਦਰ ਸਿੰਘ ਬਾੜਾ, ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਦਲਬੀਰ ਸਿੰਘ ਭਟੋਆ, ਜਥੇਦਾਰ ਕਰਤਾਰ ਸਿੰਘ ਗੂੰਜੀਆਂ, ਯੂਨਾਈਟਿਡ ਕ੍ਰਿਸਚੀਅਨ ਫ਼ਰੰਟ ਪੰਜਾਬ ਦੇ ਪ੍ਰਧਾਨ ਵਲੈਤ ਮਸੀਹ ਬੰਟੀ ਅਜਨਾਲਾ, ਪ੍ਰਤਾਪ ਭੱਟੀ, ਵਿਕਟਰ ਮਸੀਹ, ਲਖਵਿੰਦਰ ਮਸੀਹ, ਐਡਵੋਕੇਟ ਸੁਖਬੀਰ ਸਿੰਘ ਪੰਨਵਾਂ, ਪਰਮਵੀਰ ਸਿੰਘ ਲਾਡੀ, ਕੰਵਲਜੀਤ ਸਿੰਘ ਕਾਕੀ, ਗੁਰਪ੍ਰੀਤ ਸਿੰਘ ਗੋਪੀ, ਗੁੱਜਰ ਬਿਰਾਦਰੀ ਦੇ ਆਗੂ ਲਾਲ ਹੁਸੈਨ ਗੁੱਜਰ, ਨਿਰਮਲ ਸਿੰਘ ਕਲੀਜਪੁਰ, ਲਾਲ ਸਿੰਘ ਬਹਿਰਾਮਪੁਰ, ਕੁਲਵਿੰਦਰ ਸਿੰਘ ਚਿੱਟੀ, ਬਲਦੇਵ ਸਿੰਘ ਤਾਜਪੁਰ, ਜੀਵਨ ਸਿੰਘ, ਰਜਿੰਦਰ ਸਿੰਘ, ਰੂਪ ਸਿੰਘ ਘੇਸਲ, ਸੁਖਜਿੰਦਰ ਸਿੰਘ ਲੰਗਾਹ, ਰਜਿੰਦਰ ਸਿੰਘ, ਗੁਰਨਾਮ ਸਿੰਘ ਗੰਜਾ ਅਤੇ ਗੁਰਨਾਮ ਸਿੰਘ ਚੂਹੜਚੱਕ ਆਦਿ ਵੀ ਹਾਜ਼ਰ ਸਨ। Punjabi Akhar

Leave a Comment

[democracy id="1"]

You May Like This