ਕਾਂਗਰਸੀ ਆਗੂ ਹੱਥਾਂ ‘ਚ ਸੰਵਿਧਾਨ ਫੜ ਵੋਟਾਂ ਮੰਗ ਰਹੇ, ਇਸੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸੰਵਿਧਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ- ਡਾ. ਚੀਮਾ

ਅਕਾਲੀ ਉਮੀਦਵਾਰ ਡਾ. ਚੀਮਾ ਦੇ ਹੱਕ ‘ਚ ਹਲਕਾ ਇੰਚਾਰਜ ਮਾਹਲ ਵਲੋਂ ਜੱਫਰਵਾਲ ‘ਚ ਚੋਣ ਮੀਟਿੰਗ

ਧਾਰੀਵਾਲ/ ਬਟਾਲਾ, 21 ਮਈ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਹੇਠ ਪਿੰਡ ਜੱਫਰਵਾਲ ਵਿਚ ਚੋਣ ਮੀਟਿੰਗ ਹੋਈ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਚੀਮਾ ਨੇ ਆਖਿਆ ਕਿ ਅੱਜ ਕਾਂਗਰਸ ਦੇ ਆਗੁ ਹੱਥਾਂ ਵਿਚ ਸੰਵਿਧਾਨ ਫੜ ਕੇ ਵੋਟਾਂ ਮੰਗ ਰਹੇ ਹਨ ਪਰ ਇਸੇ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈੰਸੀ ਲਾ ਕੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਮੌਕੇ ਡਾ. ਚੀਮਾ ਨੇ ਆਖਿਆ ਕਿ ਉਨ੍ਹਾਂ ਦੇ ਖਿਲਾਫ ਕਾਂਗਰਸ ਵਲੋਂ ਚੋਣ ਲੜ ਰਹੇ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੀ ਸਿੱਖ ਵਿਰੋਧੀ ਜਮਾਤ ਹੈ, ਜੋ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਕੇ ਸਿੱਖ ਸ਼ਕਤੀ ਖਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਪੰਜਾਬ ਨੂੰ ਕੰਟਰੋਲ ਕਰ ਰਹੀ ਹੈ ਅਤੇ ਪੰਜਾਬ ਦੇ ਵਿਤੀ ਸਰੋਤਾਂ ਦੀ ਦੁਰਵਰਤੋਂ ਆਪਣੀ ਰਾਜਸੀ ਤਾਕਤ ਵਧਾਉਣ ਲਈ ਪੰਜਾਬ ਤੋਂ ਬਾਹਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਥ ਤੇ ਪੰਜਾਬ ਲਈ ਵੱਡੇ ਵੱਡੇ ਸੰਘਰਸ਼ ਲੜੇ ਹਨ। ਉਨ੍ਹਾਂ ਕਿਹਾ ਕਿ ਇਕ ਜੂਨ ਨੂੰ ਲੋਕ ਸਭਾ ਚੋਣ ਲਈ ਵੋਟ ਪਾਉਣ ਤੋਂ ਪਹਿਲਾਂ ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਕਾਂਗਰਸ ਹਕੂਮਤ ਵਲੋਂ ਕੀਤੇ ਹਮਲੇ ਨੂੰ ਜ਼ਰੂਰ ਚੇਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਸਹੀ ਆਵਾਜ਼ ਪਹੁੰਚਾ ਸਕਦਾ ਹੈ, ਜੋ ਪੰਜਾਬ ਦੀ ਖੇਤਰੀ ਪਾਰਟੀ ਹੈ।
ਇਸ ਮੌਕੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਆਖਿਆ ਕਿ ਡਾ. ਦਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਜਾਣਾ ਜ਼ਰੂਰੀ ਹੈ ਤਾਂ ਜੋ ਗੁਰਦਾਸਪੁਰ ਹਲਕੇ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਕੋਲੋਂ ਫੰਡ ਲਿਆਂਦੇ ਜਾ ਸਕਣ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ, ਨੌਜਵਾਨ ਆਗੂ ਰਜਿੰਦਰ ਸਿੰਘ, ਜਥੇਦਾਰ ਅਜੀਤ ਸਿੰਘ, ਪ੍ਰਿੰ. ਮਲਕੀਤ ਸਿੰਘ, ਜਸਬੀਰ ਸਿੰਘ ਜਫਰਵਾਲ, ਮਨਵਿੰਦਰ ਸਿੰਘ ਜੱਫਰਵਾਲ, ਨਿਸ਼ਾਨ ਸਿੰਘ ਜੱਫਰਵਾਲ, ਰਣਜੀਤ ਸਿੰਘ ਕਲਿਆਣਪੁਰ, ਬਲਵਿੰਦਰ ਸਿੰਘ ਜੱਫਰਵਾਲ, ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ, ਜਸਬੀਰ ਸਿੰਘ ਸਾਬਕਾ ਸਰਪੰਚ, ਨੌਜਵਾਨ ਆਗੂ ਸਨਦੀਪ ਸਿੰਘ, ਕੁਲਵੰਤ ਸਿੰਘ ਸਾਬਕਾ ਮੈਨੇਜਰ ਅਤੇ ਰੂਪ ਸਿੰਘ ਜੱਫਰਵਾਲ ਆਦਿ ਵੀ ਹਾਜ਼ਰ ਸਨ।

Leave a Comment

[democracy id="1"]

You May Like This