ਟੋਰਾਂਟੋ, 5 ਮਈ
ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿਚ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ‘ਕਾਨੂੰਨ ਦੇ ਰਾਜ ਵਾਲਾ ਮੁਲਕ’ ਹੈ, ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਤੌਰ ’ਤੇ ਵਚਨਬੱਧ ਹੈ। ਕੈਨੇਡੀਅਨ ਨਾਗਰਿਕ ਨਿੱਝਰ ਦੀ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਪੁਲੀਸ ਨੇ ਸ਼ੁੱਕਰਵਾਰ ਨੂੰ ਐਡਮਿੰਟਨ ਰਹਿੰਦੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ।
ਇਥੇ ਟੋਰਾਂਟੋ ਗਾਲਾ ਵਿਚ ਸਿੱਖ ਵਿਰਾਸਤ ਤੇ ਸਭਿਆਚਾਰ ਦੇ ਜਸ਼ਨਾਂ ਲਈ ਰੱਖੇ ਸਮਾਗਮ ਦੌਰਾਨ ਟਰੂਡੋ ਨੇ ਉਪਰੋਕਤ ਗ੍ਰਿਫ਼ਤਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਇਹ ਬਹੁਤ ਅਹਿਮ ਹੈ ਕਿਉਂਕਿ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਦੇਸ਼ ਹੈ, ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਹੋਣ ਦੇ ਨਾਲ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਰੂਪ ਵਿਚ ਵਚਨਬੱਧ ਹੈ।’’ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਟਰੂਡੋ ਦੇ ਹਵਾਲੇ ਨਾਲ ਕਿਹਾ, ‘‘ਜਿਵੇਂ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਕਿਹਾ ਹੈ, ਜਾਂਚ ਦਾ ਅਮਲ ਜਾਰੀ ਹੈ ਤੇ ਇਹ ਲੰਘੇ ਦਿਨ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤੱਕ ਸੀਮਤ ਨਹੀਂ ਹੈ।’’ ਟਰੂਡੋ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਮਗਰੋਂ ਕੈਨੇਡਾ ਦੇ ਸਿੱਖ ਭਾਈਚਾਰੇ ’ਚੋਂ ਕਈ ਅਸੁਰੱਖਿਅਤ ਮਹਿਸੂਸ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਹਰੇਕ ਕੈਨੇਡੀਅਨ ਨੂੰ ਮੁਲਕ ਵਿਚ ਬਿਨਾਂ ਕਿਸੇ ਪੱਖਪਾਤ, ਹਿੰਸਾ ਮੁਕਤ ਮਾਹੌਲ ਤੇ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ।’’ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ’ਚ ਲਾਏ ਦੋਸ਼ਾਂ ਕਿ ਨਿੱਝਰ ਦੀ ਹੱਤਿਆ ਵਿਚ ਕਥਿਤ ਭਾਰਤੀ ਏਜੰਟਾਂ ਦਾ ਹੱਥ ਸੀ, ਮਗਰੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਕਸ਼ੀਦਗੀ ਸਿਖਰ ’ਤੇ ਪਹੁੰਚ ਗਈ ਸੀ। ਭਾਰਤ ਨੇ ਹਾਲਾਂਕਿ ਟਰੂਡੋ ਦੇ ਦੋਸ਼ਾਂ ਨੂੰ ‘ਹਾਸੋਹੀਣੇ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ।
ਨਿੱਝਰ ਕਤਲ ਕੇਸ ਵਿਚ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਪੁਲੀਸ ਨੇ ਕਿਹਾ ਕਿ ਉਹ ਅਮਰੀਕਾ ਦੀਆਂ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪੁਲੀਸ ਨੇ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਬੁਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਤੇ ਭਾਰਤੀ ਅਧਿਕਾਰੀਆਂ ਦਰਮਿਆਨ ਕਥਿਤ ਲਿੰਕ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ, ਪਰ ਪੁਲੀਸ ਵੱਲੋਂ ਇਨ੍ਹਾਂ ਦੇ ਭਾਰਤ ਸਰਕਾਰ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਵਿਚ ਜੋ ਕੁਝ ਹੋ ਰਿਹਾ ਹੈ, ਉਹ ਉਸ ਦੀ ਅੰਦਰੂਨੀ ਸਿਆਸਤ ਹੈ ਤੇ ਭਾਰਤ ਦਾ ਇਸ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਖਾਲਿਸਤਾਨ ਪੱਖੀ ਕੁਝ ਲੋਕਾਂ ਦਾ ਇਕ ਵਰਗ ਕੈਨੇਡਾ ਦੀ ਜਮਹੂਰੀਅਤ ਨੂੰ ਵਰਤ ਰਿਹਾ ਹੈ। -ਪੀਟੀਆਈ
‘ਕੈਨੇਡਾ ਦੇ ਵਿਕਾਸ ’ਚ ਸਿੱਖਾਂ ਦੇ ਯੋਗਦਾਨ ਦੀ ਸੰਭਾਲ ਜ਼ਰੂਰੀ’
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਿੱਖਾਂ ਵਲੋਂ ਕੈਨੇਡਾ ਦੇ ਵਿਕਾਸ ’ਚ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਯਾਦਾਂ ਵਿਚ ਵਸਾਉਣ ਲਈ ਸਬੰਧਤ ਘਟਨਾਵਾਂ ਦੇ ਵਰਤਾਰੇ ਦੀ ਸੰਭਾਲ ਜ਼ਰੂਰੀ ਸੀ। ਇਸ ਕੰਮ ਲਈ ਚਾਲੂ ਸਾਲ ਦੇ ਬਜਟ ਵਿਚ ਲੋੜੀਂਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਕਿ ਸਿੱਖ ਵਿਰਸੇ ਦੀ ਸੰਭਾਲ ਲਈ ਓਂਟਾਰੀਓ ਵਿਚਲੇ ਰੌਇਲ ਅਜਾਇਬ ਘਰ ਵਿਚ ਵਿਸ਼ਵ ਸਿੱਖ ਕਲਾ ਤੇ ਸਭਿਆਚਾਰ ਗੈਲਰੀ (ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ) ਦੀ ਸਥਾਪਨਾ ਲਈ 60 ਲੱਖ ਡਾਲਰ ਦੀ ਵਿਵਸਥਾ ਕੀਤੀ ਗਈ ਹੈ ਜਿਸ ਲਈ ਸਿੱਖ ਆਰਟ ਐਂਡ ਕਲਚਰ ਫਾਊਂਡੇਸ਼ਨ ਦੀ ਅਗਵਾਈ ਤੇ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਇੰਡਸ ਮੀਡੀਆ ਫਾਊਂਡੇਸ਼ਨ ਨੂੰ 18 ਲੱਖ ਡਾਲਰ ਦੀ ਮਦਦ ਦੇ ਕੇ ਪਹਿਲੀ ਤੇ ਦੂਜੀ ਆਲਮੀ ਜੰਗ ਵਿਚ ਕੈਨੇਡੀਅਨ ਤੇ ਸਿੱਖ ਸੂਰਬੀਰ ਫੌਜੀਆਂ ਦੇ ਜਾਂਬਾਜ਼ ਕਾਰਨਾਮਿਆਂ ਤੇ ਬਹਾਦਰੀ ਨਾਲ ਜੂਝਣ ਬਾਰੇ ਫਿਲਮ ਬਣਾਈ ਜਾਏਗੀ ਤਾਂ ਜੋ ਆਉਣ ਵਾਲੀਆਂ ਪੀੜੀਆਂ ਆਪਣੇ ਪੁਰਖਿਆਂ ਬਾਰੇ ਜਾਨਣ ਅਤੇ ਉਨ੍ਹਾਂ ਉੱਤੇ ਫਖਰ ਮਹਿਸੂਸ ਕਰ ਸਕਣ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਿੱਖਾਂ ਦੀ ਕਹਾਣੀ ਅਤੇ ਕੈਨੇਡਾ ਦੀ ਕਹਾਣੀ ਵਿਚ ਏਨੀ ਇਕਸਾਰਤਾ ਹੈ ਕਿ ਦੋਹਾਂ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ। ਟਰੂਡੋ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਸਿੱਖਾਂ ਦਾ ਕੈਨੇਡਾ ਵਿਚ ਹੋਣਾ ਦੇਸ਼ ਲਈ ਫਖ਼ਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿੱਖ ਆਰਟ ਗੈਲਰੀ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਤਾਂ ਸਿੱਖਾਂ ਵਲੋਂ ਕੈਨੇਡਾ ਨੂੰ ਮਜ਼ਬੂਤ, ਖੁਸ਼ਹਾਲ ਤੇ ਅਨੇਕਤਾ ’ਚ ਏਕਤਾ ਵਾਲਾ ਬਣਾਉਣ ਵਿਚ ਪਾਏ ਯੋਗਦਾਨ ਨੂੰ ਉਭਾਰਨ ਦਾ ਨਿੱਕਾ ਜਿਹਾ ਯਤਨ ਹੈ। ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਬੀਬੀ ਕਰਿਟੀਆ ਫਰੀਲੈਂਡ ਨੇ ਵੀ ਟਰੂਡੋ ਦੇ ਵਿਚਾਰਾਂ ਦੀ ਹਮਾਇਤ ਕੀਤੀ।