Search
Close this search box.

ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢਣ ਨੂੰ ਫਾਂਸੀ ਦੀ ਸਜ਼ਾ

ਲੁਧਿਆਣਾ, 18 ਅਪ੍ਰੈਲ

ਸ਼ਿਮਲਾਪੁਰੀ ਇਲਾਕੇ ’ਚ ਢਾਈ ਸਾਲਾ ਬੱਚੀ ਦਿਲਰੋਜ਼ ਨੂੰ ਘਰ ਤੋਂ ਅਗਵਾ ਕਰ ਕੇ ਜਿਊਂਦਾ ਦਫ਼ਨਾਉਣ ਦੇ ਮਾਮਲੇ ’ਚ ਆਖਰਕਾਰ ਤਿੰਨ ਸਾਲ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਨੇ ਇਤਿਹਾਸਕ ਫ਼ੈਸਲਾ ਸੁਣਾ ਦਿੱਤਾ ਹੈ। ਮੁਨੀਸ਼ ਸਿੰਘਲ ਦੀ ਅਦਾਲਤ ਨੇ ਨੀਲਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕਤਲ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਫ਼ੈਸਲਾ ਆਉਣ ਤੋਂ ਬਾਅਦ ਅਦਾਲਤ ਦੇ ਬਾਹਰ ਉਡੀਕ ਕਰ ਰਹੇ ਦਿਲਰੋਜ਼ ਦੇ ਮਾਪਿਆਂ ਦੀਆਂ ਅੱਖਾਂ ’ਚੋਂ ਹੰਝੂ ਸੁੱਕ ਹੀ ਨਹੀਂ ਰਹੇ ਸਨ ਜਿਸ ਨੂੰ ਦੇਖ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਅਦਾਲਤ ਨੇ ਨੀਲਮ ਨੂੰ ਉਮਰ ਕੈਦ, ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ’ਚ ਪੰਜ ਸਾਲ ਤੇ ਕਤਲ ਦੇ ਮਾਮਲੇ ’ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਨੀਲਮ ਦੇ ਵਕੀਲ ਨੇ ਦਲੀਲੀ ਦਿੱਤੀ ਸੀ ਕਿ ਨੀਲਮ ਦੇ ਬੱਚੇ ਛੋਟੇ ਹਨ ਅਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ, ਉਸ ’ਤੇ ਕੁਝ ਰਹਿਮ ਦਿਲੀ ਦਿਖਾਈ ਜਾਵੇ ਪਰ ਅਦਾਲਤ ਨੇ ਉਨ੍ਹਾਂ ਦੀ ਦਲੀਲ ਨਹੀਂ ਮੰਨੀ। ਦੱਸਣਯੋਗ ਹੈ ਤਿੰਨ ਸਾਲ ਪਹਿਲਾਂ ਸ਼ਿਮਲਾਪੁਰੀ ਇਲਾਕੇ ’ਚ ਰਹਿਣ ਵਾਲੇ ਪੁਲੀਸ ਮੁਲਾਜ਼ਮ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਮਾਸੂਮ ਬੱਚੀ ਦਿਲਰੋਜ਼ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਦੇ ਗੁਆਂਢ ’ਚ ਰਹਿਣ ਵਾਲੀ ਨੀਲਮ ਉਸ ਨੂੰ ਚੌਕਲੇਟ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਈ ਸੀ। ਨੀਲਮ ਨੇ ਬੱਚੀ ਦੀ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਸਲੇਮ ਟਾਬਰੀ ਦੇ ਸੁੰਨਸਾਨ ਇਲਾਕੇ ’ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ। ਕਾਫੀ ਭਾਲ ਮਗਰੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੇ ਸਾਰੀ ਕਹਾਣੀ ਖੋਲ੍ਹ ਕੇ ਰੱਖ ਦਿੱਤੀ ਸੀ। ਗੁਆਂਢਣ ਨੀਲਮ ਦੀ ਨਿਸ਼ਾਨਦੇਹੀ ’ਤੇ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਅਦਾਲਤ ਨੇ ਬੀਤੇ ਸ਼ੁੱਕਰਵਾਰ ਨੀਲਮ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵਿਚਾਰ ਕੀਤਾ ਜਾ ਰਿਹਾ ਸੀ ਕਿ ਕਿਸ ਧਾਰਾ ’ਚ ਕੀ ਸਜ਼ਾ ਦਿੱਤੀ ਜਾਵੇ।

ਫ਼ੈਸਲੇ ਮਗਰੋਂ ਵਕੀਲ ਦੇ ਗਲ ਲੱਗ ਰੋਇਆ ਦਿਲਰੋਜ਼ ਦਾ ਪਰਿਵਾਰ
ਅਦਾਲਤ ਦਾ ਫ਼ੈਸਲਾ ਆਉਂਦੇ ਹੀ ਵਕੀਲ ਪਰਉਪਕਾਰ ਸਿੰਘ ਘੁੰਮਣ ਜਦੋਂ ਬਾਹਰ ਆਏ ਤਾਂ ਦਿਲਰੋਜ਼ ਦੇ ਮਾਤਾ-ਪਿਤਾ ਕਾਫ਼ੀ ਭਾਵੁਕ ਹੋ ਗਏ। ਦਿਲਰੋਜ਼ ਦੀ ਮਾਂ ਕਿਰਨ ਤੇ ਪਿਤਾ ਹਰਪ੍ਰੀਤ ਸਿੰਘ ਦੋਵੇਂ ਵਕੀਲ ਘੁੰਮਣ ਦੇ ਗਲੇ ਲੱਗ ਕੇ ਰੋਣ ਲਗੇ ਤਾਂ ਵਕੀਲ ਘੁੰਮਣ ਦੀਆਂ ਅੱਖਾਂ ਵੀ ਨਮ ਹੋ ਗਈਆਂ। ਹਰਪ੍ਰੀਤ ਸਿੰਘ ਨੇ ਵਕੀਲ ਪੈਰਾਂ ਨੂੰ ਹੱਥ ਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਅੱਜ ਅਦਾਲਤ ਵੱਲੋਂ ਇਤਿਹਾਸਕ ਫ਼ੈਸਲਾ ਸੁਣਾਇਆ ਗਿਆ ਹੈ। ਇਸ ਨਾਲ ਸਮਾਜ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਕਰਨ ਵਾਲਿਆਂ ਨੂੰ ਅਦਾਲਤ ਨਹੀਂ ਛੱਡਦੀ।

Leave a Comment

[democracy id="1"]

You May Like This