Search
Close this search box.

ਅਕਾਲੀ ਦਲ ਨੇ 7 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਚੰਡੀਗੜ੍ਹ, 13 ਅਪ੍ਰੈਲ

ਸ਼੍ਰੋਮਣੀ ਅਕਾਲੀ ਦਲ ਨੇ ਖ਼ਾਲਸਾ ਸਾਜਨਾ ਦਿਵਸ ਮੌਕੇ ਅੱਜ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 13 ਵਿੱਚੋਂ 7 ਸੀਟਾਂ ’ਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ‘ਐਕਸ’ ’ਤੇ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਐੱਨ ਕੇ ਸ਼ਰਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਫ਼ਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫ਼ਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਸਾਲ 1996 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਐਤਕੀਂ ਪੰਜਾਬ ਵਿੱਚ ਇਕੱਲੇ ਲੋਕ ਸਭਾ ਚੋਣਾਂ ਲੜੇਗਾ। ਇਸ ਤੋਂ ਪਹਿਲਾਂ ਉਹ ਭਾਜਪਾ ਦੇ ਨਾਲ ਗੱਠਜੋੜ ਕਰਕੇ ਚੋਣਾਂ ਲੜਦਾ ਆ ਰਿਹਾ ਸੀ ਪਰ ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਤੋਂ ਪਾਸਾ ਵੱਟ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਖ-ਵੱਖ ਹੋਣ ਕਰਕੇ ਅਕਾਲੀ ਦਲ ਦਾ ਹਿੰਦੂ ਵੋਟ ਬੈਂਕ ਖਿਸਕ ਗਿਆ ਹੈ। ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਆਪਣੀ ਖਿਸਕ ਚੁੱਕੀ ਸਿਆਸੀ ਜ਼ਮੀਨ ਮੁੜ ਤਿਆਰ ਕਰਨ ਲਈ 7 ਵਿੱਚੋਂ ਦੋ ਹਿੰਦੂ ਚਿਹਰਿਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਅਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਹੈ। ਦੱਸਣਯੋਗ ਹੈ ਕਿ ਡਾ. ਦਲਜੀਤ ਸਿੰਘ ਚੀਮਾ 2007 ਤੋਂ 2012 ਦੌਰਾਨ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਸਨ। ਪ੍ਰੇਮ ਸਿੰਘ ਚੰਦੂਮਾਜਰਾ ਨੇ 2014 ਵਿੱਚ ਕਾਂਗਰਸੀ ਆਗੂ ਅੰਬਿਕਾ ਸੋਨੀ ਨੂੰ ਆਨੰਦਪੁਰ ਸਾਹਿਬ ਤੋਂ ਹਰਾਇਆ ਸੀ ਜਦੋਂ ਕਿ 2019 ਵਿੱਚ ਉਹ ਕਾਂਗਰਸ ਦੇ ਮਨੀਸ਼ ਤਿਵਾੜੀ ਤੋਂ ਚੋਣ ਹਾਰ ਗਏ ਸਨ। ਅਨਿਲ ਜੋਸ਼ੀ ਵੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸਾਲ 2012 ਵਿੱਚ ਸਥਾਨਕ ਸਰਕਾਰਾਂ ਤੇ ਮੈਡੀਕਲ ਸਿੱਖਿਆ ਮੰਤਰੀ ਰਹਿ ਚੁੱਕੇ ਹਨ।

ਉਹ 2017 ਵਿੱਚ ਕਾਂਗਰਸ ਦੇ ਸੁਨੀਲ ਦੱਤ ਤੋਂ ਚੋਣ ਹਾਰ ਗਏ ਸਨ ਅਤੇ 2021 ਵਿੱਚ ਭਾਜਪਾ ਨਾਲ ਤੋੜ ਵਿਛੋੜੇ ਮਗਰੋਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਐੱਨ ਕੇ ਸ਼ਰਮਾ ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸਾਲ 2012 ਤੇ 2017 ਵਿੱਚ ਵਿਧਾਇਕ ਚੁਣੇ ਗਏ ਸਨ। ਇਕਬਾਲ ਸਿੰਘ ਝੂੰਦਾ ਸਾਲ 2007 ਵਿੱਚ ਧੂਰੀ ਤੇ 2012 ਵਿੱਚ ਅਮਰਗੜ੍ਹ ਤੋਂ ਵਿਧਾਇਕ ਚੁਣੇ ਗਏ ਸਨ। ਬਿਕਰਮਜੀਤ ਸਿੰਘ ਖਾਲਸਾ 2012 ਵਿੱਚ ਰਾਏਕੋਟ ਤੋਂ ਵਿਧਾਇਕ ਚੁਣੇ ਗਏ ਸਨ।

ਹਰਸਿਮਰਤ ਦੇ ਨਾਮ ਦਾ ਨਹੀਂ ਕੀਤਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜਾਰੀ ਕੀਤੀ ਗਈ 7 ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਬਠਿੰਡਾ ਹਲਕੇ ਦਾ ਨਾਮ ਸ਼ਾਮਲ ਨਹੀਂ ਹੈ। ਸੂਚੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੀ ਹਰਸਿਮਰਤ ਕੌਰ ਬਾਦਲ ਦੇ ਨਾਮ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਉਂਜ ਉਨ੍ਹਾਂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ ਪਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਭਾਜਪਾ ’ਚ ਜਾਣ ਨਾਲ ਬਠਿੰਡਾ ਦੇ ਸਿਆਸੀ ਸਮੀਕਰਨ ਬਦਲ ਗਏ ਜਾਪਦੇ ਹਨ। ਭਾਜਪਾ ਵੱਲੋਂ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਬਠਿੰਡਾ ਤੋਂ ਚੋਣ ਲੜਾਏ ਜਾਣ ਦੇ ਚਰਚੇ ਹਨ। ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ਕਾਰਨ ਭਾਜਪਾ ਨਾਲ ਤੋੜ ਵਿਛੋੜੇ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Leave a Comment

[democracy id="1"]

You May Like This