ਨਵੀਂ ਦਿੱਲੀ, 14 ਅਪ੍ਰੈਲ
ਲੋਕ ਸਭਾ ਚੋਣਾਂ ਲਈ ਰਾਜਨੇਤਾ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪੂਰੇ ਦੇਸ਼ ਦਾ ਚੱਕਰ ਲਾ ਰਹੇ ਹਨ ਜਿਸ ਕਾਰਨ ਚਾਰਟਰਡ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਮੰਗ 40 ਫੀਸਦੀ ਵਧ ਗਈ ਹੈ। ਮਾਹਿਰਾਂ ਮੁਤਾਬਕ ਨਿੱਜੀ ਹਵਾਈ ਜਹਾਜ਼ ਅਤੇ ਹੈਲੀਕਾਪਟਰ ਅਪਰੇਟਰਾਂ ਨੂੰ ਇਸ ਤੋਂ 15-20 ਫੀਸਦੀ ਵੱਧ ਕਮਾਈ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਚਾਰਟਰਡ ਸੇਵਾਵਾਂ ਲਈ ਪ੍ਰਤੀ ਘੰਟੇ ਦੀਆਂ ਦਰਾਂ ਵੀ ਵਧ ਗਈਆਂ ਹਨ। ਇੱਕ ਹਵਾਈ ਜਹਾਜ਼ ਦਾ ਖਰਚਾ ਲਗਪਗ 4.5-5.25 ਲੱਖ ਰੁਪਏ ਹੈ ਅਤੇ ਇੱਕ ਦੋ-ਇੰਜਣ ਵਾਲੇ ਹੈਲੀਕਾਪਟਰ ਲਈ ਇਹ ਲਗਪਗ 1.5-1.7 ਲੱਖ ਰੁਪਏ ਹੈ। ਬਿਜ਼ਨਸ ਏਅਰਕ੍ਰਾਫਟ ਅਪਰੇਟਰਜ਼ ਐਸੋਸੀਏਸ਼ਨ (ਬੀਏਓਏ) ਦੇ ਐੱਮਡੀ ਕੈਪਟਨ ਆਰਕੇ ਬਾਲੀ ਨੇ ਦੱਸਿਆ ਕਿ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਚਾਰਟਰਡ ਜਹਾਜ਼ਾਂ ਦੀ ਮੰਗ 30-40 ਫੀਸਦੀ ਵੱਧ ਹੈ।