ਮੁੰਬਈ, 9 ਅਪ੍ਰੈਲ
ਸ਼ੇਅਰ ਬਾਜ਼ਾਰ ਅੱਜ ਪਹਿਲੀ ਵਾਰ 75000 ਦੇ ਅੰਕੜੇ ਨੂੰ ਪਾਰ ਕਰਨ ਮਗਰੋਂ 59 ਅੰਕਾਂ ਦੇ ਨੁਕਸਾਨ ਨਾਲ ਬੰਦ ਹੋਇਆ। ਉਧਰ ਨਿਫਟੀ ਨੇ ਵੀ ਆਪਣੇ ਹੁਣ ਤੱਕ ਦੇ ਸਿਖਰਲੇ ਪੱਧਰ ਨੂੰ ਛੋਹਿਆ। ਇਸ ਦੌਰਾਨ ਸੋਨੇ ਤੇ ਚਾਂਦੀ ਦੀ ਚਮਕ ਅੱਜ ਦੂਜੇ ਦਿਨ ਵੀ ਜਾਰੀ ਰਹੀ। ਕੌਮੀ ਰਾਜਧਾਨੀ ਵਿਚ ਪੀਲੀ ਧਾਤ ਦਾ ਭਾਅ 140 ਰੁਪਏ ਵੱਧ ਕੇ 71840 ਪ੍ਰਤੀ ਦਸ ਗ੍ਰਾਮ ਨੂੰ ਪਹੁੰਚ ਗਿਆ ਜਦੋਂਕਿ ਚਾਂਦੀ 500 ਰੁਪਏ ਦੇ ਰਿਕਾਰਡ ਉਛਾਲ ਨਾਲ 84500 ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਈ। ਤੀਹ ਸ਼ੇਅਰਾਂ ’ਤੇ ਅਧਾਰਿਤ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 58.80 ਅੰਕਾਂ ਦੇ ਨਿਘਾਰ ਨਾਲ 74,683.70 ਨੁਕਤਿਆਂ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਕ ਵੇਲੇ ਇਹ 381.78 ਅੰਕ ਚੜ੍ਹ ਕੇ ਰਿਕਾਰਡ 75,124.28 ਨੁਕਤਿਆਂ ’ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 23.55 ਅੰਕਾਂ ਦੇ ਨੁਕਸਾਨ ਨਾਲ 22,642.75 ਨੁਕਤਿਆਂ ’ਤੇ ਬੰਦ ਹੋਇਆ।