ਪਠਾਨਕੋਟ, 5 ਅਪ੍ਰੈਲ
ਲੋਕ ਸਭਾ ਚੋਣਾਂ ਅਮਨ ਤੇ ਸ਼ਾਂਤੀ ਪੂਰਬਕ ਕਰਵਾਉਣ ਲਈ ਪਠਾਨਕੋਟ ਜ਼ਿਲ੍ਹੇ ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀਆਂ ਲੱਗਦੀਆਂ ਹੱਦਾਂ ’ਤੇ 23 ਅੰਤਰਰਾਜੀ ਨਾਕੇ ਲਾਏ ਗਏ ਹਨ ਤਾਂ ਜੋ ਕਿਸੇ ਕਿਸਮ ਦੇ ਨਸ਼ੀਲੇ ਪਦਾਰਥ, ਨਾਜਾਇਜ਼ ਸ਼ਰਾਬ ਦੀ ਤਸਕਰੀ ਨਾ ਹੋ ਸਕੇ। ਇਨ੍ਹਾਂ ਨਾਕਿਆਂ ਨੂੰ ਸੀਸੀਟੀਵੀ ਕੈਮਰਿਆਂ ਨਾਲ ਹਾਈਟੈਕ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨਾਕਿਆਂ ਉਪਰ ਪੰਜਾਬ ਪੁਲੀਸ, ਪੈਰਾਮਿਲਟਰੀ ਜਵਾਨ ਅਤੇ ਦੂਸਰਿਆਂ ਸੂਬਿਆਂ ਦੇ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਬਾਰੇ ਬਕਾਇਦਾ ਕਠੂਆ ਜ਼ਿਲ੍ਹੇ ਦੇ ਅਤੇ ਹਿਮਾਚਲ ਦੇ ਚੰਬਾ ਤੇ ਕਾਂਗੜਾ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਮੀਟਿੰਗਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਦਿੱਤਿਆ ਉਪਲ ਨੇ ਦੱਸਿਆ ਕਿ ਇਨ੍ਹਾਂ ਨਾਕਿਆਂ ਨੂੰ ਕੋਡਲ ਭਾਸ਼ਾ ਵਿੱਚ ‘ਮਿਰਰ’ ਨਾਕਿਆਂ ਦਾ ਨਾਂ ਦਿੱਤਾ ਗਿਆ ਹੈ। ਪਠਾਨਕੋਟ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਵਾਹਨ ਤੇ ਪਠਾਨਕੋਟ ਦੇ ਸੁਰੱਖਿਆ ਦਸਤੇ ਪੈਨੀ ਨਜ਼ਰ ਰੱਖਣਗੇ ਤੇ ਚੈਕਿੰਗ ਕਰਨਗੇ। ਜਦ ਕਿ ਦੂਸਰੇ ਪਾਸੇ ਵਾਲੀ ਸੜਕ ’ਤੇ ਪਠਾਨਕੋਟ ਦੀ ਤਰਫ ਤੋਂ ਹਿਮਾਚਲ ਜਾਂ ਜੰਮੂ-ਕਸ਼ਮੀਰ ਖੇਤਰ ਅੰਦਰ ਜਾਣ ਵਾਲੇ ਵਾਹਨ ਤੇ ਉਨ੍ਹਾਂ ਸੂਬਿਆਂ ਦੇ ਸੁਰੱਖਿਆ ਦਸਤੇ ਪੈਨੀ ਨਜ਼ਰ ਰੱਖਣਗੇ।
ਇਸ ਕਰਕੇ ਇਨ੍ਹਾਂ ਨਾਕਿਆਂ ਨੂੰ ‘ਮਿਰਰ’ ਨਾਕਾ ਕਿਹਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਜੋ ਇਨ੍ਹਾਂ ਨਾਕਿਆਂ ਉਪਰ ਅਚਨਚੇਤ ਚੈਕਿੰਗ ਕਰਿਆ ਕਰਨਗੀਆਂ।
ਪੁਲੀਸ ਨਾਲ ਬਣਾਈਆਂ ਗਈਆਂ ਵਿਸ਼ੇਸ਼ ਟੀਮਾਂ ਪਠਾਨਕੋਟ ਜ਼ਿਲ੍ਹੇ ਅੰਦਰ ਖਾਲੀ ਪਈਆਂ ਜਾਂ ਖੰਡਰਾਤ ਵਾਲੀਆਂ ਇਮਾਰਤਾਂ ਦੀ ਚੈਕਿੰਗ ਕਰਨਗੀਆਂ ਤਾਂ ਜੋ ਕੋਈ ਵੀ ਇਨ੍ਹਾਂ ਇਮਾਰਤਾਂ ਵਿੱਚ ਨਾਜਾਇਜ਼ ਸ਼ਰਾਬ ਸਟੋਰ ਨਾ ਕਰ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਵਿੱਚ ਵਿਸ਼ੇਸ਼ ਟੀਮਾਂ ਵੱਲੋਂ 1500 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਗੜਬੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।