ਪਟਿਆਲਾ, 2 ਅਪਰੈਲ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀਐਸਪੀਸੀਐਲ ਵੱਲੋਂ ਕਿਸਾਨਾਂ ਨੂੰ ਵੀ ਕੁਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਪੀਐਸਪੀਸੀਐਲ ਦੇ ਬੁਲਾਰੇ ਮੁਤਾਬਕ ਸੂਬੇ ਭਰ ਅੰਦਰ ਖੇਤਾਂ ਉੱਪਰੋਂ ਨਿਕਲਣ ਵਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਲੈ ਕੇ ਵਿਭਾਗ ਨੇ ਨਿਗਰਾਨੀ ਵਧਾ ਦਿੱਤੀ ਹੈ। ਇਸ ਦੌਰਾਨ ਬਿਜਲੀ ਦੀਆਂ ਢਿੱਲੀਆਂ, ਨੀਵੀਆਂ ਤਾਰਾਂ ਅਤੇ ਜੀ.ਓ.ਸਵਿਚਾਂ ਆਦਿ ਤੋਂ ਸਪਾਰਕਿੰਗ ਹੋਣ ਦੀ ਸੂਰਤ ਵਿਚ ਸੂਚਨਾ ਤੁਰੰਤ ਨੇੜੇ ਦੇ ਉਪ ਮੰਡਲ ਦਫਤਰ, ਸ਼ਿਕਾਇਤ ਘਰ ਦੇ ਨਾਲ-ਨਾਲ ਕੰਟਰੋਲ ਰੂਮ ਨੰਬਰ 96461-06835, 96461-06836 ਜਾਂ 1912 ’ਤੇ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਿਜਲੀ ਦੀਆਂ ਢਿੱਲੀਆਂ ਜਾਂ ਨੀਵੀਆਂ ਤਾਰਾਂ ਜਾਂ ਸਪਾਰਕਿੰਗ ਦੀਆਂ ਤਸਵੀਰਾਂ ਸਮੇਤ ਲੋਕੇਸ਼ਨ ਵੱਟਸਐਪ ਨੰਬਰ 96461-06835/36 ’ਤੇ ਭੇਜੀਆਂ ਜਾ ਸਕਦੀਆਂ ਹਨ।