ਬਾਲਟੀਮੋਰ, 26 ਮਾਰਚ
ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟੀਮੋਰ ’ਚ ਕੰਟੇਨਰਾਂ ਨਾਲ ਲੱਦਿਆ ਸਮੁੰਦਰੀ ਬੇੜਾ ਇੱਥੋਂ ਦੇ ਇੱਕ ਅਹਿਮ ਪੁਲ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਪੁਲ ਢਹਿ ਗਿਆ ਤੇ ਕਈ ਗੱਡੀਆਂ ਨਦੀ ’ਚ ਡਿੱਗ ਗਈਆਂ। ਬਚਾਅ ਕਰਮੀ ਨਦੀ ’ਚ ਡਿੱਗੇ ਘੱਟੋ ਘੱਟ ਸੱਤ ਵਿਅਕਤੀਆਂ ਦੀ ਭਾਲ ਕਰ ਰਹੇ ਹਨ। ਮੈਰੀਲੈਂਡ ਦੇ ਗਵਰਨਰ ਨੇ ਕਿਹਾ ਕਿ ਜਹਾਜ਼ ਦੇ ਚਾਲਕ ਦਲ ਵਿਚ 22 ਜਣੇ ਸੀ ਜੋ ਸਾਰੇ ਭਾਰਤੀ ਸਨ। ਸਮੁੰਦਰੀ ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਪਹਿਲਾਂ ਫੋਨ ਕਾਲ ਕੀਤੀ ਗਈ ਸੀ ਜਿਸ ਵਿਚ ਅਧਿਕਾਰੀਆਂ ਨੂੰ ਪੁਲ ’ਤੇ ਵਾਹਨਾਂ ਦੀ ਆਵਾਜਾਈ ਨੂੰ ਸੀਮਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਪੁਲ ਵੱਲ ਵਧ ਰਿਹਾ ਸੀ ਪਰ ਅਧਿਕਾਰੀਆਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲ ਗਿਆ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤੀ ਗਈ ਇੱਕ ਵੀਡੀਓ ਅਨੁਸਾਰ ਇਹ ਬੇੜਾ ਫਰਾਂਸਿਸ ਸਕਾਟ ਦੇ ਪੁਲ ਦੇ ਇੱਕ ਪਿੱਲਰ ਨਾਲ ਟਕਰਾ ਗਿਆ ਜਿਸ ਕਾਰਨ ਪੁਲ ਢਹਿ ਕੇ ਪਾਣੀ ਵਿੱਚ ਡਿੱਗ ਗਿਆ। ਇਸ ਹਾਦਸੇ ’ਚ ਬੇੜੇ ਨੂੰ ਵੀ ਅੱਗ ਲੱਗ ਗਈ। -ਏਪੀ