Search
Close this search box.

ਮੌਸਮ ਵਿਭਾਗ ਵੱਲੋਂ 13 ਤੇ 14 ਨੂੰ ਮੀਂਹ ਪੈਣ ਦੀ ਪੇਸ਼ੀਨਗੋਈ

ਮਾਝਾ ਤੇ ਦੋਆਬਾ ਵਿੱਚ ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਵਿੱਚ ਆਵੇਗੀ ਗਿਰਾਵਟ

ਚੰਡੀਗੜ੍ਹ, 10 ਮਾਰਚ

ਪੰਜਾਬ ਤੇ ਹਰਿਆਣਾ ਵਿੱਚ ਇਕ ਵਾਰ ਮੁੜ ਮੌਸਮ ਬਦਲੇਗਾ ਜਿਸ ਕਰਕੇ 13 ਤੇ 14 ਮਾਰਚ ਨੂੰ ਪੰਜਾਬ ਦੇ ਮਾਝਾ ਤੇ ਦੁਆਬਾ ਖੇਤਰ ਵਿੱਚ ਹਲਕਾ ਮੀਂਹ ਪੈਣ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਕਰਕੇ ਤਾਪਮਾਨ ਵਿੱਚ ਵੀ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਇਹ ਜਾਣਕਾਰੀ ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13 ਤੇ 14 ਮਾਰਚ ਨੂੰ ਹਲਕਾ ਮੀਂਹ ਪੈ ਸਕਦਾ ਹੈ। ਜਦਕਿ ਉਸ ਤੋਂ ਪਹਿਲਾਂ 11 ਤੇ 12 ਮਾਰਚ ਨੂੰ ਸੂਬੇ ਭਰ ਵਿੱਚ ਮੌਸਮ ਸਾਫ ਰਹੇਗਾ। ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਤਿੱਖੀ ਧੁਪ ਤੋਂ ਬਾਅਦ ਮੌਸਮ ਵਿੱਚ ਪੱਛਮੀ ਗੜਬੜੀ 12 ਮਾਰਚ ਦੀ ਰਾਤ ਨੂੰ ਸਰਗਰਮ ਹੋ ਸਕਦੀ ਹੈ, ਜਿਸ ਕਰਕੇ ਦੋ ਦਿਨ ਮੌਸਮ ਵਿੱਚ ਮਾਮੂਲੀ ਤਬਦੀਲੀ ਦਿਖਾਈ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਤੇਜ਼ ਮੀਂਹ ਪੈਣ ਦੇ ਆਸਾਰ ਘੱਟ ਹੀ ਦਿਖਾਈ ਦੇ ਰਹੇ ਹਨ। ਹਾਲਾਂਕਿ ਮੌਸਮ ਵਿਭਾਗ ਵੱਲੋਂ 13 ਤੇ 14 ਮਾਰਚ ਨੂੰ ਹਲਕਾ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਸਬੰਧੀ ਕੀਤੀ ਪੇਸ਼ੀਨਗੋਈ ਕਰਕੇ ਕਿਸਾਨਾਂ ਦੇ ਸਾਹ ਜ਼ਰੂਰ ਸੁੱਕਣੇ ਪੈ ਗਏ ਹਨ। ਇਸ ਸਮੇਂ ਸੂਬੇ ਭਰ ਵਿੱਚ ਕਣਕ ਦੀ ਫਸਲ ਤਿਆਰ ਹੋਣ ਕੰਢੇ ਪਹੁੰਚ ਚੁੱਕੀ ਹੈ। ਇਸ ਦੌਰਾਨ ਜੇਕਰ ਮੀਂਹ ਪੈਣ ਨਾਲ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਕਣਕ ਦੀ ਫਸਲ ਖੇਤਾਂ ਵਿੱਚ ਵਿੱਛ ਸਕਦੀ ਹੈ। ਇਸ ਲਈ ਕਿਸਾਨਾਂ ਦੇ ਫਿਕਰ ਜ਼ਰੂਰ ਵੱਧ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 10.4 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 11.8 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 11 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 10 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 9.4 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ 9 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 9.5 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 11.3 ਡਿਗਰੀ ਸੈਲਸੀਅਸ, ਬਰਨਾਲਾ ਵਿੱਚ 9.6 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 8.7 ਡਿਗਰੀ ਸੈਲਸੀਅਸ, ਜਲੰਧਰ ਵਿੱਚ 8.3 ਡਿਗਰੀ ਸੈਲਸੀਅਸ, ਮੋਗਾ ਵਿੱਚ 7.7 ਡਿਗਰੀ ਸੈਲਸੀਅਸ, ਮੁਹਾਲੀ ਵਿੱਚ 14.3 ਡਿਗਰੀ ਸੈਲਸੀਅਸ, ਰੋਪੜ ਵਿੱਚ 8.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

Leave a Comment

[democracy id="1"]

You May Like This