ਚੰਡੀਗੜ੍ਹ/ਨਵੀਂ ਦਿੱਲੀ, 10 ਮਾਰਚ
ਅਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਹਿਸਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੇ ਅੱਜ ਕੁਝ ਸਿਆਸੀ ਕਾਰਨਾਂ ਕਰ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਲੋਕ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ। ਉਪਰੰਤ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਨਵੀਂ ਦਿੱਲੀ ਵਿੱਚ ਕਾਂਗਰਸ ਦੇ ਖ਼ਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਬ੍ਰਿਜੇਂਦਰ ਸਿੰਘ ਦੇ ਪਿਤਾ ਅਤੇ ਭਾਜਪਾ ਆਗੂ ਬੀਰੇਂਦਰ ਸਿੰਘ ਵੀ ਅਗਲੇ ਕੁਝ ਦਿਨਾਂ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
‘ਐਕਸ’ ਉੱਤੇ ਭਾਜਪਾ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਬ੍ਰਿਜੇਂਦਰ ਸਿੰਘ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਕੌਮੀ ਰਾਜਧਾਨੀ ਵਿੱਚ ਸਥਿਤ ਰਿਹਾਇਸ਼ ਵਿਖੇ ਪਹੁੰਚੇ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮਾਕਨ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਮੁਕੁਲ ਵਾਸਨਿਕ ਅਤੇ ਦੀਪਕ ਬਾਬਰੀਆ ਵੀ ਮੌਜੂਦ ਸਨ। ‘ਐਕਸ’ ਉੱਤੇ ਸਾਂਝੀ ਕੀਤੀ ਇਕ ਪੋਸਟ ਵਿੱਚ ਬ੍ਰਿਜੇਂਦਰ ਸਿੰਘ ਨੇ ਕਿਹਾ, ‘‘ਕੁਝ ਸਿਆਸੀ ਕਾਰਨਾਂ ਕਰ ਕੇ ਮੈਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਿਸਾਰ ਤੋਂ ਸੰਸਦ ਮੈਂਬਰ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦਾ ਹਾਂ। ਮੈਂ ਲੋਕ ਸਭਾ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਮੈਂ ਹਿਸਾਰ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਉਨ੍ਹਾਂ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਉਠਾਉਣ ਦਾ ਮੌਕਾ ਦਿੱਤਾ। ਜਨ ਸੇਵਾ ਦੀ ਵਚਨਬੱਧਤਾ ਜਿਸ ਲਈ ਮੈਂ ਆਈਏਐੱਸ ਦੀ ਨੌਕਰੀ ਛੱਡ ਕੇ ਸਿਆਸਤ ਵਿੱਚ ਆਇਆ ਸੀ, ਉਹ ਅੱਗੇ ਵੀ ਜਾਰੀ ਰਹੇਗੀ।’’ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਫ਼ਸਰਸ਼ਾਹ ਤੋਂ ਸਿਆਸਤਦਾਨ ਬਣੇ ਬ੍ਰਿਜੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫ਼ਾ ਦੇਣ ਦਾ ਫੈਸਲਾ ਲਿਆ ਹੈ ਕਿਉਂਕਿ ਕੁਝ ਸਿਆਸੀ ਕਾਰਨਾਂ ਕਰ ਕੇ ਉੱਥੇ ਬੇਚੈਨੀ ਵਧਦੀ ਜਾ ਰਹੀ ਸੀ। ਉਨ੍ਹਾਂ ਕਿਹਾ, ‘‘ਇਹ ਬੇਚੈਨੀ ਮੁੱਢਲੇ ਤੌਰ ’ਤੇ ਵਿਚਾਰਧਾਰਕ ਮੁੱਦਿਆਂ ਨੂੰ ਲੈ ਕੇ ਸੀ ਅਤੇ ਮੈਂ ਕਿਸਾਨਾਂ ਦੇ ਮੁੱਦੇ, ਅਗਨੀਵੀਰ ਦੇ ਮੁੱਦੇ ਅਤੇ ਕੌਮਾਂਤਰੀ ਮਹਿਲਾ ਪਹਿਲਵਾਨਾਂ ਪ੍ਰਤੀ ਅਪਣਾਏ ਗਏ ਵਤੀਰੇ ਨਾਲ ਸਹਿਮਤ ਨਹੀਂ ਸੀ।’’ -ਪੀਟੀਆਈ