ਬਰਨਾਲਾ/ਧਨੌਲਾ, 18 ਫਰਵਰੀ
ਪਿੰਡ ਬਡਬਰ ਲਾਗੇ ਪੁਲੀਸ ਨੂੰ ਲੋੜੀਂਦਾ ਗੈਂਗਸਟਰ ਕਾਲਾ ਮਾਨ ਧਨੌਲਾ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮੁਕਾਬਲੇ ’ਚ ਹਲਾਕ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬਡਬਰ ਲਾਗੇ ਖੇਤਾਂ ਵਿੱਚ ਬਣੀ ਲਾਲ ਕੋਠੀ ਨੂੰ ਜਦੋਂ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਘੇਰਿਆ ਤਾਂ ਕੋਠੀ ਦੇ ਅੰਦਰੋਂ ਕਾਲਾ ਮਾਨ ਧਨੌਲਾ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਕਾਲਾ ਮਾਨ ਧਨੌਲਾ ਦੀ ਮੌਤ ਹੋ ਗਈ। ਪਿਛਲੇ ਦਿਨੀਂ ਧਨੌਲਾ ਦੇ ਕਾਂਗਰਸੀ ਬਲਾਕ ਪ੍ਰਧਾਨ ਸੁਰਿੰਦਰਪਾਲ ਬਾਲਾ ’ਤੇ ਜਾਨਲੇਵਾ ਹਮਲਾ ਕਰਕੇ ਗੈਂਗਸਟਰ ਕਾਲਾ ਧਨੌਲਾ ਫ਼ਰਾਰ ਹੋ ਗਿਆ ਸੀ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਸੰਦੀਪ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਵੱਲੋਂ ਕਾਲੇ ਧਨੌਲੇ ਦੀ ਭਾਲ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਸਨ। ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਸੰਦੀਪ ਗੋਇਲ ਅਤੇ ਡੀਐੱਸਪੀ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਨੇ ਬਡਬਰ ਲਾਗੇ ਖੇਤਾਂ ’ਚ ਬਣੀ ਲਾਲ ਕੋਠੀ ਨੂੰ ਘੇਰਾ ਪਾ ਲਿਆ। ਪੁਲੀਸ ਵੱਲੋਂ ਕਾਲੇ ਧਨੌਲੇ ਨੂੰ ਆਤਮ ਸਮਰਪਣ ਲਈ ਕਿਹਾ ਗਿਆ ਪਰ ਉਸ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੈਂਗਸਟਰ ਕਾਲੇ ਧਨੋਲੇ ਵੱਲੋਂ ਕੀਤੇ ਹਮਲੇ ’ਚ ਜ਼ਖ਼ਮੀ ਹੋਏ ਇੰਸਪੈਕਟਰ ਪੁਸ਼ਿਵੰਦਰ ਸਿੰਘ ਅਤੇ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀ ਜਵਾਬੀ ਕਾਰਵਾਈ ’ਚ ਗੈਂਗਸਟਰ ਕਾਲਾ ਮਾਨ ਧਨੌਲਾ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਕਾਲੇ ਧਨੋਲੇ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਲੇ ਧਨੌਲੇ ’ਤੇ ਵੱਖ ਵੱਖ ਥਾਣਿਆਂ ’ਚ ਕਈ ਕੇਸ ਦਰਜ ਸਨ।
ਜ਼ਖ਼ਮੀ ਹੋਣ ਵਾਲੇ ਦੋਵੇਂ ਪੁਲੀਸ ਅਧਿਕਾਰੀ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ
ਪਟਿਆਲਾ (ਸਰਬਜੀਤ ਸਿੰਘ ਭੰਗੂ): ਬਰਨਾਲਾ ਵਿਚ ਹੋਏ ਪੁਲੀਸ ਮੁਕਾਬਲੇ ਦੌਰਾਨ ਪਟਿਆਲਾ ਦੇ ਦੋ ਥਾਣੇਦਾਰ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ, ਇੰਸਪੈਕਟਰ ਪੁਸ਼ਿਵੰਦਰ ਸਿੰਘ ਢੀਂਡਸਾ ਰਾਜਪੁਰਾ ਰੋਡ ’ਤੇ ਸਥਿਤ ਪਟਿਆਲਾ ਦੇ ਪਿੰਡ ਦੌਣਕਲਾਂ ਦਾ ਵਾਸੀ ਹੈ। ਪੁਸ਼ਿਵੰਦਰ ਪਿੰਡ ਦੇ ਸਾਬਕਾ ਸਰਪੰਚ ਕਾਮਰੇਡ ਹਰੀ ਸਿੰਘ ਢੀਂਡਸਾ ਦਾ ਪੁੱਤਰ ਹੈ। ਉਸ ਨੂੰ ਐਤਕੀਂ 26 ਜਨਵਰੀ ਨੂੰ ਰਾਸ਼ਟਰਪਤੀ ਪੁਲੀਸ ਮੈਡਲ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ। ਉਸ ਨੂੰ 15 ਅਗਸਤ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿੱਚ ‘ਮੁੱਖ ਮੰਤਰੀ ਪੁਲੀਸ ਮੈਡਲ’ ਨਾਲ ਸਨਮਾਨਤ ਕੀਤਾ ਸੀ। ਦੂਜਾ ਸਬ-ਇੰਸਪੈਕਟਰ ਜਸਪ੍ਰੀਤ ਸਿੰਘ ਪਟਿਆਲਾ ਜ਼ਿਲ੍ਹੇ ਦੇ ਹੀ ਰਾਜਪੁਰਾ ਸ਼ਹਿਰ ਦਾ ਵਾਸੀ ਹੈ।