ਅੰਮ੍ਰਿਤਸਰ, 3 ਫਰਵਰੀ
ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਛੇ ਅਹੁਦਿਆਂ ਵਾਸਤੇ 18 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਹਾਕਮ ਧਿਰ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਲੰਘੇ ਕੱਲ੍ਹ ਦੀਵਾਨ ਬਚਾਓ ਫਰੰਟ ਨੇ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਾਣਕਾਰੀ ਅਨੁਸਾਰ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਮੌਜੂਦਾ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਦੇ ਘਰ ਵਿੱਚ ਇਸ ਸਬੰਧੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਹਾਕਮ ਧਿਰ ਵੱਲੋਂ ਛੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਨਿੱਝਰ ਧੜੇ ਵੱਲੋਂ ਜਿਨ੍ਹਾਂ ਛੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਉਨ੍ਹਾਂ ਵਿੱਚ ਪ੍ਰਧਾਨ ਦੇ ਅਹੁਦੇ ਵਾਸਤੇ ਡਾ. ਇੰਦਰਬੀਰ ਸਿੰਘ ਨਿੱਝਰ, ਮੀਤ ਪ੍ਰਧਾਨ ਦੇ ਦੋ ਅਹੁਦਿਆਂ ਵਾਸਤੇ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ, ਸਥਾਨਕ ਪ੍ਰਧਾਨ ਵਾਸਤੇ ਕੁਲਜੀਤ ਸਿੰਘ ਸਾਹਨੀ ਅਤੇ ਆਨਰੇਰੀ ਸਕੱਤਰ ਦੇ ਦੋ ਅਹੁਦਿਆਂ ਵਾਸਤੇ ਸੁਵਿੰਦਰ ਸਿੰਘ ਕੱਥੂ ਨੰਗਲ ਅਤੇ ਅਜੀਤ ਸਿੰਘ ਬਸਰਾ ਸ਼ਾਮਲ ਹਨ। ਮੀਟਿੰਗ ਵਿੱਚ ਇਨ੍ਹਾਂ ਛੇ ਨਾਵਾਂ ਨੂੰ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਦੋਵੇਂ ਪਾਸਿਉਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਣ ਹੋਣ ਮਗਰੋਂ ਹੁਣ ਅਗਲੇ ਦਿਨਾਂ ਵਿਚ ਚੋਣ ਪ੍ਰਚਾਰ ਭਖ ਜਾਵੇਗਾ। ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਭਾਈ ਵੀਰ ਸਿੰਘ ਦੀ ਸੋਚ ਅਨੁਸਾਰ ਸਿੱਖੀ ਤੇ ਸਿੱਖਿਆ ਨੂੰ ਸਮਰਪਿਤ ਰਹਿੰਦਿਆਂ ਨਿਰੱਪਖ ਤੇ ਪਾਰਦਰਸ਼ੀ ਕਾਰਜ ਨੀਤੀਆਂ ਅਪਣਾ ਕੇ ਵਿਕਾਸ ਦੀਆਂ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਦੇ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ 67ਵੀਂ ਸਿੱਖ ਵਿਦਿਅਕ ਕਾਨੰਫਰਸ ਕਰਵਾਈ ਗਈ, ਭਾਈ ਸਾਹਿਬ ਦੀ ਯਾਦ ਵਿਚ ਬਟਾਲਾ ਵਿਖੇ ਅਤਿ-ਆਧੁਨਿਕ ਸਕੂਲ ਦਾ ਨਿਰਮਾਣ, ਭਾਈ ਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਦੀ ਸਥਾਪਨਾ ਤੇ ਭਾਈ ਸਾਹਿਬ ਦੁਆਰਾ ਆਰੰਭੇ ਪੰਜਾਬੀ ਪੱਤਰ ਨਿਰਗੁਣਿਆਰਾ ਦੀ ਮੁੜ ਪ੍ਰਕਾਸ਼ਨਾ ਤੇ ਹੋਰ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਦੀਵਾਨ ਵੱਲੋਂ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੇ ਯਤਨ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਆਧੁਨਿਕ ਵਿੱਦਿਅਕ ਨੀਤੀਆਂ ਨੂੰ ਸਿੱਖ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਿਆ ਹੈ ਅਤੇ ਨਵੀਂ ਪਨੀਰੀ ਨੂੰ ਨੈਤਿਕ ਗੁਣਾ ਦੇ ਧਾਰਨੀ ਬਣਾਉਣ ਦੇ ਉਪਰਾਲੇ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਦੀਵਾਨ ਦੀ ਛਵੀ ਨੂੰ ਖਰਾਬ ਕਰਨ ਵਾਲੇ ਕੁਝ ਮੈਂਬਰਾਂ ਦੀ ਸੌੜੀ ਸੋਚ ਤੋਂ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਮੀਟਿੰਗ ਦੌਰਾਨ ਦੀਵਾਨ ਦੇ ਨਵੇਂ ਐਲਾਨੇ ਉਮੀਦਵਾਰ ਅਤੇ ਹੋਰ ਮੈਂਬਰ ਹਾਜ਼ਰ ਸਨ।