ਵਾਸ਼ਿੰਗਟਨ, 3 ਫਰਵਰੀ

ਅਮਰੀਕਾ ਨੇ ਜਾਰਡਨ ’ਚ ਆਪਣੇ ਫ਼ੌਜੀਆਂ ’ਤੇ ਹਮਲਿਆਂ ਖ਼ਿਲਾਫ਼ ਜਵਾਬੀ ਕਾਰਵਾਈ ਕਰਦਿਆਂ ਇਰਾਕ ਅਤੇ ਸੀਰੀਆ ’ਚ ਇਰਾਨ ਹਮਾਇਤੀ ਮਿਲੀਸ਼ੀਆ (ਲੜਾਕਿਆਂ) ਅਤੇ ਇਰਾਨੀ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕੋਰ (ਆਈਆਰਜੀਸੀ) ਦੇ 85 ਟਿਕਾਣਿਆਂ ’ਤੇ ਹਮਲੇ ਕੀਤੇ। ਜਾਰਡਨ ’ਚ ਇਰਾਨ ਸਮਰਥਿਤ ਗਰੁੱਪ ਵੱਲੋਂ ਕੀਤੇ ਗਏ ਡਰੋਨ ਹਮਲੇ ’ਚ ਤਿੰਨ ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਸੀ ਅਤੇ 40 ਹੋਰ ਜ਼ਖ਼ਮੀ ਹੋ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਹਰ ਸਿਖਰਲੇ ਆਗੂ ਕਈ ਦਿਨਾਂ ਤੋਂ ਚਿਤਾਵਨੀ ਦੇ ਰਹੇ ਸਨ ਕਿ ਜੇਕਰ ਫ਼ੌਜੀਆਂ ’ਤੇ ਹਮਲੇ ਨਾ ਰੁਕੇ ਤਾਂ ਮਿਲੀਸ਼ੀਆ ਗੁੱਟਾਂ ’ਤੇ ਜਵਾਬੀ ਹਮਲੇ ਕੀਤੇ ਜਾਣਗੇ। ਹਮਲਿਆਂ ਮਗਰੋਂ ਬਾਇਡਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ,‘‘ਅਮਰੀਕਾ ਪੱਛਮੀ ਏਸ਼ੀਆ ਜਾਂ ਦੁਨੀਆ ’ਚ ਕਿਤੇ ਵੀ ਟਕਰਾਅ ਨਹੀਂ ਚਾਹੁੰਦਾ ਹੈ ਪਰ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਇਹ ਸਮਝ ਲੈਣ ਕਿ ਜੇਕਰ ਉਹ ਕਿਸੇ ਅਮਰੀਕੀ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਅਸੀਂ ਜਵਾਬ ਦੇਵਾਂਗੇ।’’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਅਮਰੀਕੀ ਫ਼ੌਜ ਨੇ ਇਰਾਕ ਅਤੇ ਸੀਰੀਆ ’ਚ ਉਨ੍ਹਾਂ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਦੀ ਵਰਤੋਂ ਆਈਆਰਜੀਸੀ ਅਤੇ ਸਬੰਧਤ ਮਿਲੀਸ਼ੀਆ ਗਰੁੱਪ ਅਮਰੀਕੀ ਫ਼ੌਜ ’ਤੇ ਹਮਲਿਆਂ ਲਈ ਕਰਦੇ ਹਨ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ ਅਮਰੀਕਾ ਵੱਲੋਂ ਚੁਣੀਆਂ ਗਈਆਂ ਥਾਵਾਂ ਅਤੇ ਚੁਣੇ ਗਏ ਸਮੇਂ ’ਤੇ ਜਾਰੀ ਰਹੇਗੀ। ਯੂਐੱਸ ਸੈਂਟਰਲ ਕਮਾਂਡ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਢਾਈ ਵਜੇ (ਭਾਰਤੀ ਸਮੇਂ ਅਨੁਸਾਰ) ਸੈਨਾ ਨੇ ਇਰਾਕ ਅਤੇ ਸੀਰੀਆ ’ਚ 85 ਤੋਂ ਵਧ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਹਮਲੇ ’ਚ ਅਮਰੀਕਾ ਤੋਂ ਭੇਜੇ ਗਏ ਲੰਬੀ ਦੂਰੀ ਦੇ ਬੰਬਾਰ ਵੀ ਸ਼ਾਮਲ ਸਨ। ਅਮਰੀਕੀ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਕਿ ਇਹ ਜਵਾਬੀ ਕਾਰਵਾਈ ਦੀ ਸ਼ੁਰੂਆਤ ਹੈ ਅਤੇ ਉਹ ਪੱਛਮੀ ਏਸ਼ੀਆ ਜਾਂ ਕਿਤੇ ਹੋਰ ਟਕਰਾਅ ਨਹੀਂ ਚਾਹੁੰਦੇ ਹਨ ਪਰ ਅਮਰੀਕੀ ਫ਼ੌਜ ’ਤੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਰਾਕੀ ਫ਼ੌਜ ਦੇ ਤਰਜਮਾਨ ਯਾਹਯਾ ਰਸੂਲ ਨੇ ਅਮਰੀਕੀ ਹਮਲਿਆਂ ਨੂੰ ਮੁਲਕ ਦੀ ਖੁਦਮੁਖਤਿਆਰੀ ਦੀ ਉਲੰਘਣਾ ਦੱਸਿਆ ਹੈ।