ਸੰਗਰੂਰ, 3 ਫਰਵਰੀ
ਭਾਨਾ ਸਿੱਧੂ ਸਮਰਥਕਾਂ ਵੱਲੋਂ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਘੇਰਨ ਦੇ ਐਲਾਨ ਤਹਿਤ ਕਿਸਾਨ ਜਥੇਬਦੀਆਂ ਤੇ ਹੋਰ ਵਰਗਾਂ ਦੇ ਸੈਂਕੜੇ ਲੋਕ ਬਠਿੰਡਾ-ਜ਼ੀਰਕਪੁਰ ਹਾਈਵੇਅ ’ਤੇ ਪੁੱਜ ਗਏ। ਪੁਲੀਸ ਵੱਲੋਂ ਜਿਥੇ ਸਾਰਾ ਸ਼ਹਿਰ ਸੀਲ ਕੀਤਾ ਹੋਇਆ ਹੈ, ਉਥੇ ਭਾਨਾ ਸਮਰਥਕਾਂ ਨੇ ਪੁਲੀਸ ਬੈਰੀਕੇਡ ਤੋੜ ਕੇ ਕੌਮੀ ਮਾਰਗ ਜਾਮ ਕਰ ਦਿੱਤਾ। ਇਸ ਕਾਰਨ ਸੈਂਕੜੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਵਰਨਣਯੋਗ ਹੈ ਸਿੱਧੂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦੇ ਐਲਾਨ ਕਾਰਨ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲੀਸ ਸੱਦੀ ਗਈ ਸੀ ਤੇ ਸੰਗਰੂਰ ਨੂੰ ਆਉਂਦੀਆਂ ਸਾਰੀਆਂ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੇ ਬਾਵਜੂਦ ਭਾਨਾ ਸਮਰਥਕ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਹਾਈਵੇਅ ’ਤੇ ਪੁੱਜ ਗਏ ਤੇ ਉਨ੍ਹਾਂ ਉਥੇ ਧਰਨਾ ਸ਼ੁਰੂ ਕਰ ਦਿੱਤਾ।