ਹੈਦਰਾਬਾਦ, 28 ਜਨਵਰੀ
ਇੰਗਲੈਂਡ ਨੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਚੌਥੇ ਦਿਨ ਮੇਜ਼ਬਾਨ ਭਾਰਤ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਇੰਗਲੈਂਡ ਨੇ ਸੀਰੀਜ਼ ਵਿਚ 1-0 ਨਾਲ ਲੀਡ ਹਾਸਲ ਕਰ ਲਈ ਹੈ। ਦੱਸਣਯੋਗ ਹੈ ਕਿ ਦੋਵੇਂ ਟੀਮਾਂ ਦਰਮਿਆਨ ਦੂਜਾ ਟੈਸਟ ਮੈਚ 2 ਫਰਵਰੀ ਨੂੰ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀਮ ਨੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤੀ ਟੀਮ ਦੂਜੀ ਪਾਰੀ ਵਿਚ 202 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਭਾਰਤ ਵਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਵਲੋਂ ਟਾਮ ਹਾਰਟਲੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਭਾਰਤ ਦੇ 7 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ 316 ਦੌੜਾਂ ਤੋਂ ਕੀਤੀ ਤੇ ਇੰਗਲੈਂਡ ਦੀ ਟੀਮ 420 ਦੌੜਾਂ ਬਣਾ ਕੇ ਆਊਟ ਹੋ ਗਈ।