ਪਟਿਆਲਾ, 1 ਜਨਵਰੀ
ਐੱਨਡੀਪੀਐੱਸ ਐਕਟ ਤਹਿਤ ਦੋ ਸਾਲ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਦਰਜ ਕੀਤੇ ਗਏ ਕੇਸ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਸੇਵਾਮੁਕਤੀ ਮਗਰੋਂ ਸਰਕਾਰ ਨੇ ਇਸ ਸਿੱਟ ਦਾ ਪੁਨਰਗਠਨ ਕੀਤਾ ਹੈ। ਇਸ ਸਿੱਟ ਦੀ ਕਮਾਨ ਹੁਣ ਪਟਿਆਲਾ ’ਚ ਅੱਜ ਹੀ ਡੀਆਈਜੀ ਵਜੋਂ ਤਾਇਨਾਤ ਕੀਤੇ ਗਏ ਆਈਪੀਐੱਸ ਹਰਚਰਨ ਸਿੰਘ ਭੁੱਲਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨਾਲ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਆਈਪੀਐੱਸ ਅਤੇ ਧੂਰੀ ਦੇ ਐੱਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 25/27-ਏ, 29 ਐੱਨਡੀਪੀਐਸ ਐਕਟ ਤਹਿਤ ਇਹ ਕੇਸ ਸਟੇਟ ਕਰਾਈਮ ਬਿਊਰੋ ਇਨਵੈਸਟੀਗੇਸ਼ਨ ਦੇ ਮੁਹਾਲੀ ਸਥਿਤ ਥਾਣੇ ’ਚ 20 ਦਸੰਸਰ 2021 ਨੂੰ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸ਼ਟੀਗੇਸ਼ਨ ਟੀਮ (ਸਿੱਟ) ਦੇ ਮੁਖੀ ਵਜੋਂ ਕੱਲ੍ਹ ਤੱਕ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਤਾਇਨਾਤ ਸਨ। ਉਨ੍ਹਾਂ ਦੇ 31 ਦਸੰਬਰ ਨੂੰ ਸੇਵਾਮੁਕਤ ਹੋਣ ਮਗਰੋਂ ਹੁਣ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਇਸ ਸਿੱਟ ਦੀ ਮੁਖੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਛੀਨਾ ਭਾਵੇਂ ਕਿ ਅੱਠ ਮਹੀਨਿਆਂ ਤੋਂ ਇਸ ਸਿੱਟ ਦੇ ਮੁਖੀ ਸਨ, ਪਰ ਉਨ੍ਹਾਂ ਵੱਲੋਂ 11 ਦਸੰਬਰ ਨੂੰ ਪਹਿਲੀ ਵਾਰ ਸੰਮਨ ਭੇਜ ਕੇ ਬਿਕਰਮ ਸਿੰਘ ਮਜੀਠੀਆ ਨੂੰ ਪੁੱਛ ਪੜਤਾਲ ਲਈ 18 ਦਸੰਬਰ ਨੂੰ ਉਨ੍ਹਾਂ ਦੇ ਪਟਿਆਲਾ ਸਥਿਤ ਦਫ਼ਤਰ ’ਚ ਪੇਸ਼ ਹੋਣ ਦੀ ਹਦਾਇਤ ਕੀਤੀ ਸੀ ਜਿਸ ਦੌਰਾਨ 18 ਦਸੰਬਰ ਨੂੰ ਮਜੀਠੀਆ ਤੋਂ ਤਕਰੀਬਨ ਸੱਤ ਘੰਟੇ ਪੁੱਛ ਪੜਤਾਲ ਕੀਤੀ ਗਈ। ਇਸ ਮਗਰੋਂ 30 ਦਸੰਬਰ ਨੂੰ ਵੀ ਉਨ੍ਹਾਂ ਦੀ ਅਗਵਾਈ ਹੇਠਾਂ ਸਿੱਟ ਨੇ ਚਾਰ ਘੰਟੇ ਪੁੱਛ ਪੜਤਾਲ ਕੀਤੀ ਸੀ। ਹੁਣ ਇਸ ਮਾਮਲੇ ਦੀ ਜਾਂਚ ਨੂੰ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਟੀਮ ਅੱਗੇ ਵਧਾਏਗੀ। ਇਨਵੈਸਟੀਗੇਸ਼ਨ ਬਿਊਰੋ ਦੇ ਏਡੀਜੀਪੀ ਤੇ ਡਾਇਰੈਕਟਰ ਐੱਲਕੇ ਯਾਦਵ ਨੇ ਅੱਜ ਡੀਜੀਪੀ ਗੌਰਵ ਯਾਦਵ ਦੀ ਪ੍ਰਵਾਨਗੀ ਮਗਰੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਮਜੀਠੀਆ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ ਐਫਆਈਆਰ ਦਰਜ ਕੀਤੇ ਜਾਣ ਮਗਰੋਂ ਪੁਲੀਸ ਦੇ ਵਧੀਕ ਇੰਸਪੈਕਟਰ ਜਨਰਲ ਬਲਰਾਜ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਸੀ। ਇਸ ਕੇਸ ਦੀ ਜਾਂਚ ਲਈ ਹੁਣ ਗਠਿਤ ਕੀਤੀ ਗਈ ਚੌਥੀ ਸਿੱਟ ਹੈ।