ਚੇਤਨਪੁਰਾ, 1 ਜਨਵਰੀ
ਕਿਰਤੀ ਕਿਸਾਨ ਯੂਨੀਅਨ ਦੇ ਇਲਾਕਾ ਹਰਸ਼ਾ ਛੀਨਾ ਦੇ ਵਰਕਰਾਂ ਨੇ ਅੱਜ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਸਬ-ਡਿਵੀਜ਼ਨ ਹਰਸ਼ਾ ਛੀਨਾ ਦੇ ਬਿਜਲੀ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਪਿੰਡ ਹਰਸ਼ਾ ਛੀਨਾ ਸ਼ੁਬਾਜਪੁਰ ਵਿੱਚ ਚਿੱਪ ਵਾਲੇ ਮੀਟਰ ਲਾਉਣ ਵਿਰੁੱਧ ਪਾਵਰਕੌਮ ਦੇ ਅਧਿਕਾਰੀਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰੈੱਸ ਸਕੱਤਰ ਕਾਬਲ ਸਿੰਘ ਛੀਨਾ ਨੇ ਦੱਸਿਆ ਕਿ ਬੋਰਡ ਦੇ ਅਧਿਕਾਰੀ ਚੰਗੇ ਭਲੇ ਚੱਲ ਰਹੇ ਮੀਟਰ ਬਦਲ ਕੇ ਉਨ੍ਹਾਂ ਦੀ ਜਗ੍ਹਾ ਸਮਾਰਟ ਮੀਟਰ ਲਗਾ ਰਹੇ ਹਨ। ਯੂਨੀਅਨ ਆਗੂਆਂ ਨੇ ਖਦਸ਼ਾ ਪ੍ਰਗਟ ਕਰਦਿਆ ਕਿਹਾ ਕਿ ਜੇ ਇਹ ਮੀਟਰ ਲੱਗ ਗਏ ਤਾਂ ਗ਼ਰੀਬ ਘਰ ਦੇ ਲੋਕਾਂ ਲਈ ਬਿਜਲੀ ਪਹੁੰਚ ਤੋਂ ਦੂਰ ਹੋ ਜਾਵੇਗੀ। ਯੂਨੀਅਨ ਆਗੂਆਂ ਨੇ ਸਰਕਾਰ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹ ਲੋਕ ਵਿਰੋਧੀ ਫ਼ੈਸਲਾ ਵਾਪਸ ਲਿਆ ਜਾਵੇ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪਿੰਡਾਂ ਵਿੱਚ ਜ਼ਬਰਦਸਤੀ ਇਹ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵਿਰੋਧ ਕੀਤਾ ਜਾਵੇਗਾ। ਲੋਕਾਂ ਦਾ ਰੋਹ ਦੇਖ ਕੇ ਅੱਜ ਪਿੰਡ ਵਿੱਚ ਮੀਟਰ ਲਾਉਣ ਆਏ ਅਧਿਕਾਰੀ ਬਿਨਾਂ ਮੀਟਰ ਲਾਏ ਹੀ ਮੁੜ ਗਏ। ਇਸ ਪ੍ਰਦਰਸ਼ਨ ਵਿੱਚ ਪਿੰਡ ਦੇ ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਜੇਈ ਰਮਨ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਪਿੰਡ ’ਚ ਚਿੱਪ ਵਾਲੇ ਮੀਟਰ ਨਹੀਂ ਲਾਏ ਜਾਣਗੇ ਜਿਸ ਉਪਰੰਤ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।