ਪਠਾਨਕੋਟ, 1 ਜਨਵਰੀ
ਨੀਮ ਪਹਾੜੀ ਬਲਾਕ ਧਾਰਕਲਾਂ ਦੇ ਪਿੰਡ ਬਿਰੁਕਲੀ ਦਾ 13 ਸਾਲਾ ਲੜਕਾ ਜੰਗਲ ’ਚ ਲੱਕੜਾਂ ਲੈਣ ਗਿਆ ਤਾਂ ਉੱਥੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੇ ਸੰਪਰਕ ’ਚ ਆਉਣ ਨਾਲ ਉਹ ਝੁਲਸ ਗਿਆ। ਉਸ ਨੂੰ ਇਲਾਜ ਲਈ ਮਾਮੂਨ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਲੜਕੇ ਦੀ ਪਛਾਣ ਆਰਿਫ਼ (13) ਪੁੱਤਰ ਸੱਜਣ ਦੀਨ ਵਾਸੀ ਪਿੰਡ ਬਿਰੁਕਲੀ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਸਬੀਰ ਸਿੰਘ ਨੇ ਦੱਸਿਆ ਕਿ ਆਰਿਫ ਆਪਣੀ ਮਾਂ ਅਤੇ ਛੋਟੇ ਭਰਾ ਨਾਲ ਪਿੰਡ ਦੇ ਅੰਬੂ ਮਾਤਾ ਮੰਦਰ ਨੇੜੇ ਜੰਗਲ ਵਿੱਚ ਲੱਕੜਾਂ ਲੈਣ ਗਿਆ ਸੀ। ਜਿੱਥੇ ਉਹ ਰਾਣੀਪੁਰ-ਧਾਰ ਤੋਂ ਜਾਂਦੀ 66 ਕੇਵੀ ਹਾਈ ਵੋਲਟੇਜ ਲਾਈਨ ਦੀ ਲਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਥਾਂ ਵਾਪਰਿਆ ਜਿੱਥੇ ਰਾਣੀਪੁਰ-ਧਾਰ ਦੀ 66 ਕੇਵੀ ਹਾਈ ਵੋਲਟੇਜ ਲਾਈਨ ਨੀਵੀਂ ਹੈ। ਇਸ ਕਾਰਨ ਉਹ ਉਸ ਦੇ ਸੰਪਰਕ ’ਚ ਆ ਗਿਆ ਤੇ ਝੁਲਸ ਗਿਆ। ਡਾਕਟਰਾਂ ਅਨੁਸਾਰ ਆਰਿਫ 45 ਫ਼ੀਸਦੀ ਝੁਲਸ ਗਿਆ ਹੈ।