Search
Close this search box.

ਵਿਜੀਲੈਂਸ ਵੱਲੋਂ 251 ਕੇਸਾਂ ਸਬੰਧੀ ਸਿਆਸੀ ਆਗੂਆਂ ਸਣੇ 288 ਗ੍ਰਿਫ਼ਤਾਰ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਕੀਤੀ ਕਾਰਵਾਈ; 60 ਲੱਖ ਦੇ ਕਰੀਬ ਨਕਦੀ ਬਰਾਮਦ

ਲੇਖਾ-ਜੋਖਾ ਸਾਲ 2023

ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 31 ਦਸੰਬਰ

ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਸਾਲ ਭਰ ਸੁਰਖ਼ੀਆਂ ਵਿੱਚ ਰਿਹਾ। ਵਿਭਾਗ ਨੇ ਸਾਲ 2023 ਵਿੱਚ 133 ਟਰੈਪ ਕੇਸਾਂ ਸਮੇਤ 251 ਪਰਚੇ ਦਰਜ ਕੀਤੇ। ਟਰੈਪ ਕੇਸਾਂ ਵਿੱਚ 59,57,000 ਰੁਪਏ ਦੀ ਰਕਮ ਬਰਾਮਦ ਕੀਤੀ। ਅਪਰਾਧਿਕ ਕੇਸਾਂ ਸਮੇਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ 288 ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਤੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਵੱਲੋਂ 103 ਅਪਰਾਧਿਕ ਅਤੇ 15 ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦਰਜ ਕੀਤੇ ਗਏ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਅਤੇ ਉਸ ਦਾ ਪਤੀ ਜਸਮੇਲ ਸਿੰਘ, ਸਾਬਕਾ ਵਿਧਾਇਕ ਡਾ. ਸਤਵੰਤ ਸਿੰਘ ਮੋਹੀ, ਏਆਈਜੀ ਅਸ਼ੀਸ਼ ਕਪੂਰ, ਸਾਬਕਾ ਡਿਪਟੀ ਆਬਕਾਰੀ ਅਤੇ ਕਰ ਕਮਿਸ਼ਨਰ ਯੁਵਿੰਦਰ ਸਿੰਘ ਮੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਫਾਰਮੇਸੀ ਦੀਆਂ ਡਿਗਰੀਆਂ ਦੇਣ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਵਿੱਚ ਸਾਬਕਾ ਰਜਿਸਟਰਾਰ ਪ੍ਰਵੀਨ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ ਤੋਂ ਇਲਾਵਾ ਲੇਖਾਕਾਰ (ਹੁਣ ਸੁਪਰਡੈਂਟ) ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਸਾਬਕਾ ਡੀਡੀਪੀਓ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਆਈਏਐਸ ਨੀਲਿਮਾ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਗੁਲਮੋਹਰ ਟਾਊਨਸ਼ਿਪ ਦੇ ਮਾਲਕ ਜਗਦੀਪ ਸਿੰਘ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਹੋਰਨਾਂ ਵਿਰੁੱਧ ਪਲਾਟਾਂ ਦੀ ਖ਼ਰੀਦ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਸੀ। ਏਆਈਜੀ ਮਾਲਵਿੰਦਰ ਸਿੱਧੂ ਅਤੇ ਹੋਰਨਾਂ ਨੂੰ ਸਰਕਾਰੀ ਅਫ਼ਸਰਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

ਪੀਸੀਐਸ ਜਗਦੀਪ ਜੌਹਲ, ਦਿਨੇਸ਼ ਕੁਮਾਰ ਡਿਪਟੀ ਡਾਇਰੈਕਟਰ (ਸੇਵਾਮੁਕਤ) ਜਸਪ੍ਰੀਤ ਸਿੱਧੂ ਅਤੇ ਵੈਸ਼ਾਲੀ (ਦੋਵੇਂ ਬਾਗਬਾਨੀ ਅਫ਼ਸਰ) ਅਤੇ ਹੋਰਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ’ਤੇ ਅਮਰੂਦਾਂ ਦਾ ਬਾਗ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਮੁਆਵਜ਼ਾ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰ ਨੂੰ 4.78 ਕਰੋੜ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਪੀਐਸਪੀਸੀਐਲ ਦੇ ਜਗਮੋਹਨ ਸਿੰਘ, ਰਵਿੰਦਰ ਸਿੰਘ ਅਤੇ ਵਿਨੋਦ ਕੁਮਾਰ, ਸਾਰੇ ਚੀਫ਼ ਇੰਜੀਨੀਅਰ (ਸੇਵਾਮੁਕਤ), ਐਮਆਰ ਥਾਪਰ ਅਤੇ ਪਰਮਿੰਦਰ ਸਿੰਘ ਦੋਵੇਂ ਡਿਪਟੀ ਚੀਫ਼ ਇੰਜਨੀਅਰ (ਸੇਵਾਮੁਕਤ), ਏਈ ਸੁਖਵੰਤ ਸਿੰਘ, ਜਸਵਿੰਦਰ ਵਿਰਦੀ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਰਵੀ ਸ਼ਰਮਾ ਸਹਾਇਕ ਟਾਊਨ ਪਲਾਨਰ ਅਤੇ ਹੋਰਾਂ ਨੂੰ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਗੋਆ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਬਹੁਤ ਘੱਟ ਕੀਮਤ ’ਤੇ ਲੀਜ਼ ਉੱਤੇ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਡਾਇਰੈਕਟਰ ਸੈਰ-ਸਪਾਟਾ ਕਮਲਪ੍ਰੀਤ ਬਰਾੜ ਅਤੇ ਸੰਜੇ ਕੁਮਾਰ ਆਈਏਐਸ (ਸੇਵਾਮੁਕਤ) ਵਿਰੁੱਧ ਵਿਜੀਲੈਂਸ ਜਾਂਚ ਜਾਰੀ ਹੈ। ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਲਈ ਜਾਰੀ ਫੰਡਾਂ ਵਿੱਚ 303.90 ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਸਾਧੂ ਸਿੰਘ ਧਰਮਸੋਤ, ਡਿਪਟੀ ਡਾਇਰੈਕਟਰ ਪਰਮਿੰਦਰ ਗਿੱਲ ਅਤੇ ਹੋਰਨਾਂ ਵਿਰੁੱਧ ਵਿਜੀਲੈਂਸ ਜਾਂਚ ਦਰਜ ਕੀਤੀ ਗਈ।

ਐਕਸ਼ਨ ਲਾਈਨ ’ਤੇ 11,074 ਸ਼ਿਕਾਇਤਾਂ ਮਿਲੀਆਂ

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵਿਜੀਲੈਂਸ ਵੱਲੋਂ ਆਡੀਓ-ਵੀਡੀਓ ਰਿਕਾਰਡਿੰਗਾਂ ਦੇ ਸਬੂਤਾਂ ਸਮੇਤ ਪ੍ਰਾਪਤ 11,074 ਸ਼ਿਕਾਇਤਾਂ ’ਚੋਂ 5740 ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਕਾਰਵਾਈ ਲਈ ਭੇਜੀਆਂ ਗਈਆਂ ਅਤੇ 630 ਸ਼ਿਕਾਇਤਾਂ ਵੱਖ-ਵੱਖ ਵਿਜੀਲੈਂਸ ਰੇਂਜਾਂ ਨੂੰ ਦਿੱਤੀਆਂ ਗਈਆਂ। ਵਿਜੀਲੈਂਸ ਵੱਲੋਂ ਜਾਂਚ ਮਗਰੋਂ 124 ਕੇਸਾਂ ਵਿੱਚ 151 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

Leave a Comment

[democracy id="1"]

You May Like This