ਮੁੰਬਈ, 1 ਜਨਵਰੀ
ਪਿਛਲੇ ਦੋ ਮੈਚਾਂ ’ਚ ਥੋੜ੍ਹੇ ਫਰਕ ਨਾਲ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਭਲਕੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਲੜੀ ਦੇ ਤੀਜੇ ਅਤੇ ਆਖਰੀ ਇੱੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ ਘਰੇਲੂ ਮੈਦਾਨ ’ਤੇ ਲਗਾਤਾਰ ਨੌਂ ਮੈਚਾਂ ਤੋਂ ਚੱਲਿਆ ਆ ਰਿਹਾ ਹਾਰ ਦਾ ਸਿਲਸਿਲਾ ਖਤਮ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਮੈਚ ’ਚ ਸਭ ਦਾ ਧਿਆਨ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦੇ ਪ੍ਰਦਰਸ਼ਨ ’ਤੇ ਹੋਵੇਗਾ। ਭਾਰਤ ਨੇ ਇੱਕ ਰੋਜ਼ਾ ਲੜੀ ਤੋਂ ਪਹਿਲਾਂ ਇੰਗਲੈਂਡ ਅਤੇ ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ਜਿੱਤੇ ਸਨ। ਇਨ੍ਹਾਂ ਦੋਵਾਂ ਮੈਚਾਂ ਵਿੱਚ ਅਤੇ ਫਿਰ ਆਸਟਰੇਲੀਆ ਖ਼ਿਲਾਫ਼ ਪਹਿਲੇ ਦੋ ਇੱਕ ਰੋਜ਼ਾ ਮੈਚਾਂ ਵਿੱਚ ਹਰਮਨਪ੍ਰੀਤ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਹਰਮਨਪ੍ਰੀਤ ਨੇ ਇਸ ਸੀਜ਼ਨ ’ਚ ਹੁਣ ਤੱਕ ਸਾਰੇ ਫਾਰਮੈਟਾਂ ’ਚ ਅੱਠ ਪਾਰੀਆਂ ਖੇਡੀਆਂ ਹਨ ਅਤੇ ਇਨ੍ਹਾਂ ’ਚ ਸਿਰਫ ਤਿੰਨ ਪਾਰੀਆਂ ’ਚ ਹੀ ਦੋਹਰੇ ਅੰਕੜੇ ਤੱਕ ਪਹੁੰਚ ਸਕੀ ਹੈ। ਇਸ ਦੌਰਾਨ ਉਸ ਦਾ ਸਭ ਤੋਂ ਵੱਧ ਸਕੋਰ 49 ਦੌੜਾਂ ਸੀ ਜੋ ਉਸ ਨੇ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿੱਚ ਬਣਾਇਆ ਸੀ।
ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਆਸਟਰੇਲੀਆ 2-0 ਨਾਲ ਅੱਗੇ ਚੱਲ ਰਿਹਾ ਹੈ। ਦੂਜੇ ਮੈਚ ਵਿੱਚ ਰਿਚਾ ਘੋਸ਼ ਨੇ 113 ਗੇਂਦਾਂ ’ਚ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜੈਮੀਮਾ ਰੌਡਰਿਗਜ਼ ਨੇ ਵੀ ਬੱਲੇਬਾਜ਼ੀ ’ਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਰਿਚਾ ਘੋਸ਼ ਤੀਜੇ ਨੰਬਰ ’ਤੇ ਭਾਰਤ ਦੀ ਨਵੀਂ ਸਟਾਰ ਹੈ ਜੋ ਟੀਮ ਨੂੰ ਹਮਲਾਵਰ ਸ਼ੁਰੂਆਤ ਦੇਣ ਦੇ ਸਮਰੱਥ ਹੈ। ਦੂਜੇ ਪਾਸੇ ਅਮਨਜੋਤ ਕੌਰ ਅਤੇ ਦੀਪਤੀ ਸ਼ਰਮਾ ’ਤੇ ਦਬਾਅ ਰਹੇਗਾ ਕਿਉਂਕਿ ਪਿਛਲੇ ਮੈਚ ’ਚ ਚੰਗੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਉਹ ਟੀਮ ਨੂੰ ਟੀਚੇ ਤੱਕ ਨਹੀਂ ਪਹੁੰਚਾ ਸਕੀਆਂ। ਹਾਲਾਂਕਿ ਭਾਰਤੀ ਟੀਮ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਖ਼ਰਾਬ ਫੀਲਡਿੰਗ ਹੈ। ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਮੰਨਿਆ ਕਿ ਟੀਮ ਨੂੰ ਇਸ ਵਿਭਾਗ ਵਿੱਚ ਸੁਧਾਰ ਕਰਨ ਦੀ ਲੋੜ ਹੈ। ਦੂਜੇ ਪਾਸੇ ਆਸਟਰੇਲੀਆ ਲੜੀ ਵਿੱਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ’ਚ ਉਤਰੇਗੀ। -Punajbi Akhar