ਮੋਗਾ, 17 ਦਸੰਬਰ
ਪੁਲੀਸ ਨੇ ਬੱਧਨੀ-ਮੱਲਿਆਣਾ ਰੋਡ ’ਤੇ ਤਿੰਨ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਦੋ 32 ਬੋਰ ਤੇ ਇੱਕ 30 ਬੋਰ ਦੇ ਪਿਸਤੌਲ ਬਰਾਮਦ ਕੀਤੇ ਹਨ। ਪੁਲੀਸ ਮੁਤਾਬਕ ਦੁਵੱਲੀ ਗੋਲੀਬਾਰੀ ਹੋਈ ਪਰ ਕਿਸੇ ਨੂੰ ਗੋਲੀ ਨਹੀਂ ਲੱਗੀ ਜਦਕਿ ਸੱਟਾਂ ਲੱਗਣ ਨਾਲ ਇੱਕ ਮੁਲਜ਼ਮ ਤੇ ਹੋਮਗਾਰਡ ਵਾਲੰਟੀਅਰ ਜ਼ਖ਼ਮੀ ਹੋ ਗਏ।
ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ, ਡੀਐੱਸਪੀ (ਡੀ) ਹਰਿੰਦਰ ਸਿੰਘ ਡੋਡ ਤੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸ਼ੰਕਰ ਰਾਜਪੂਤ ਅਤੇ ਜਸ਼ਵ ਦੋਵੇਂ ਵਾਸੀ ਸਥਾਨਕ ਮੱਟਾਂਵਾਲਾ ਵਿਹੜਾ, ਮੋਗਾ ਅਤੇ ਥਾਣਾ ਧਰਮਕੋਟ ਅਧੀਨ ਪਿੰਡ ਫ਼ਿਰੋਜ਼ਵਾਲ ਬਾਡਾ ਨਿਵਾਸੀ ਨਵਦੀਪ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿਚ ਆਈਪੀਸੀ ਦੀ ਧਾਰਾ 307/186/353/120 ਬੀ ਤੇ 24,54,59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਸ਼ੰਕਰ ਰਾਜਪੂਤ ਦੇ ਗਿੱਟੇ ਉੱਤੇ ਸੱਟ ਲੱਗੀ ਜਦੋਂ ਕਿ ਹੋਮਗਾਰਡ ਵਾਲੰਟੀਅਰ ਰਣਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਬੰਬੀਹਾ ਗੈਂਗ ਨਾਲ ਸਬੰਧਤ ਲੱਕੀ ਪਟਿਆਲ ਗੈਂਗ ਦੇ ਮੈਂਬਰ ਹਨ ਅਤੇ ਮਨਦੀਪ ਧਾਲੀਵਾਲ ਦੇ ਸਾਥੀ ਸਨ। ਪੁਲੀਸ ਮੁਤਾਬਕ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਸ਼ੱਕੀਆਂ ਦੀ ਭਾਲ ਲਈ ਥਾਣਾ ਬੱਧਨੀ ਕਲਾਂ ਅਧੀਨ ਬੱਧਨੀ-ਮੱਲਿਆਣਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਪੁਲੀਸ ਨੇ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਉਥੇ ਸੁੱਟ ਕੇ ਖੇਤਾਂ ਵੱਲ ਭੱਜਣ ਲੱਗੇ ਅਤੇ ਪੁਲੀਸ ਉੱਤੇ ਗੋਲੀਬਾਰੀ ਕੀਤੀ। ਪੁਲੀਸ ਵੱਲੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਤਿੰਨਾਂ ਨੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਮੁਤਾਬਕ ਸ਼ੰਕਰ ਰਾਜਪੂਤ ਖ਼ਿਲਾਫ਼ ਸਾਲ 2022 ’ਚ ਸਥਾਨਕ ਸਿਟੀ ਦੱਖਣੀ ’ਚ ਜਬਰ ਜਨਾਹ ਦਾ ਪਰਚਾ ਦਰਜ ਹੋਣ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਜੇਲ੍ਹ ’ਚ ਰਹਿਣ ਦੌਰਾਨ ਗੈਂਗਸਟਰਾਂ ਨਾਲ ਤਾਰ ਜੁੜ ਗਏ। ਉਹ ਜ਼ਮਾਨਤ ਉੱਤੇ ਬਾਹਰ ਆਇਆ ਤੇ ਅਪਰਾਧ ਦੀ ਦੁਨੀਆ ਵੱਲ ਤੁਰ ਪਿਆ।