ਮੰਗਾਂ ਨਾ ਮੰਨਣ ਕਾਰਨ ਰੋਸ; ਕੇਂਦਰ ਖ਼ਿਲਾਫ਼ ਮੁੜ ਅੰਦੋਲਨ ਛੇੜਨ ਦੀ ਤਿਆਰੀ
ਮੋਗਾ, 15 ਦਸੰਬਰ
ਇਥੇ ਬੀਕੇਯੂ ਖੋਸਾ ਦੀ ਅਗਵਾਈ ਹੇਠ ਮਹਾ ਪੰਚਾਇਤ ਹੋਈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਾਏ ਹਾਲਾਂਕਿ ਸੂੁਬੇ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਇਸ ਵਿੱਚ ਮਹਾ ਪੰਚਾਇਤ ਵਿਚ ਸ਼ਿਰਕਤ ਨਹੀਂ ਕੀਤੀ ਪਰ ਇਸ ਕਿਸਾਨ ਮਹਾ ਪੰਚਾਇਤ ਵਿੱਚ ਬਾਹਰਲੇ ਸੂਬਿਆਂ ਤੋਂ ਵੀ ਕਿਸਾਨ ਆਗੂ ਪੁੱਜੇ ਹੋਏ ਸਨ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ। ਕਿਸਾਨ ਮੁੜ ਕੇਂਦਰ ਖ਼ਿਲਾਫ਼ ਅੰਦੋਲਨ ਛੇੜਣ ਦੀ ਤਿਆਰੀ ਵਿੱਚ ਹਨ।
ਕਿਸਾਨ ਆਗੂਆਂ ਨੇ ਇੱਕਜੁਟ ਹੋ ਕੇ ਆਪਣੀਆਂ ਮੰਗਾਂ ਲਈ 24 ਫ਼ਰਵਰੀ 2024 ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ। ਕਿਸਾਨ ਮਹਾਂ ਪੰਚਾਇਤ ਵਿੱਚ ਕਿਸਾਨਾਂ ਨੂੰ ਹੜ੍ਹਾਂ ਕਾਰਨ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿਵਾਉਣ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਪਿਛਲੇ ਸਾਲ ਹੋਈ ਨਰਮੇ ਦੀ ਖ਼ਰਾਬੀ ਦਾ ਮੁਆਵਜ਼ਾ ਦੇਣ ਅਤੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦਾ ਮੁਆਵਜ਼ਾ ਦੇਣ, ਪਰਾਲੀ ਸਬੰਧੀ ਮੁਕੱਦਮੇ ਤੇ ਜੁਰਮਾਨੇ ਰੱਦ ਕਰਵਾਉਣ, ਦਿੱਲੀ ਕਿਸਾਨ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਵਾਉਣ, ਐੱਮਐੱਸਪੀ ਗਾਰੰਟੀ ਕਾਨੂੰਨ ਲਾਗੂ ਕਰਵਾਉਣ ਅਤੇ ਜ਼ਮੀਨਾਂ ’ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ ਗਈ। ਇਨ੍ਹਾਂ ਮੰਗਾਂ ਲਈ ਆਗਾਮੀ 24 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਹਰਿਆਣਾ ਤੋਂ ਅਬਨਾਨੂ ਕੋਹਰ, ਮੱਧਪ੍ਰਦੇਸ਼ ਤੋਂ ਰਵੀ ਦੱਤ, ਹਰੀ ਕਸ਼ਰਾਨ, ਅਰੁਣ ਸਿਨਹਾ ਬਿਹਾਰ ਨੇ ਕਿਸਾਨੀ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ। ਇਸ ਮੌਕੇ ਬੀਕੇਯੂ ਖੋਸਾ ਪ੍ਰਧਾਨ ਸੁਖਜਿੰਦਰ ਸਿੰਘ, ਮੰਗਲ ਸਿੰਘ ਸੰਧੂ, ਬਲਦੇਵ ਸਿੰਘ ਸਿਰਸਾ, ਸਾਬਕਾ ਜਥੇਦਾਰ ਰਣਜੀਤ ਸਿੰਘ, ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਇੰਦਰਜੀਤ ਸਿੰਘ ਕੋਟ ਬੁੱਢਾ, ਗੁਲਵੰਤ ਸਿੰਘ, ਸਰਬਣ ਸਿੰਘ ਲੰਡੇ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਕਿਸਾਨਾਂ ਤੋਂ ਪਾਣੀ ਖੋਹਿਆ ਜਾ ਰਿਹਾ ਹੈ।