ਨਵੀਂ ਦਿੱਲੀ, 13 ਦਸੰਬਰ
ਸਾਲ 2001 ‘ਚ ਅੱਜ ਦੇ ਦਿਨ ਸੰਸਦ ਭਵਨ ‘ਤੇ ਹੋਏ ਅਤਿਵਾਦੀ ਹਮਲੇ ਦੀ ਬਰਸੀ ‘ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹਮਲੇ ‘ਚ ਸ਼ਹੀਦ ਹੋਏ ਸੁਰੱਖਿਆ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਸ਼ਾਮਲ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ’ਤੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਦੇਸ਼ ਦੀ ਯਾਦ ਵਿੱਚ ਹਮੇਸ਼ਾ ਉੱਕਰੀ ਰਹੇਗੀ। ਸ੍ਰੀ ਮੋਦੀ ਨੇ ‘ਐਕਸ’ ‘ਤੇ ਲਿਖਿਆ, ‘ਅੱਜ ਅਸੀਂ 2001 ‘ਚ ਸੰਸਦ ਹਮਲੇ ‘ਚ ਸ਼ਹੀਦ ਹੋਏ ਬਹਾਦਰ ਸੁਰੱਖਿਆ ਕਰਮੀਆਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ। ਖ਼ਤਰੇ ਦੇ ਸਾਮਹਣੇ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਸਾਡੇ ਦੇਸ਼ ਦੀ ਯਾਦ ਵਿੱਚ ਹਮੇਸ਼ਾ ਉੱਕਰੀ ਰਹੇਗੀ।’ ਪ੍ਰਧਾਨ ਮੰਤਰੀ ਨੇ ਸੰਸਦ ਹਮਲੇ ਦੀ ਬਰਸੀ ‘ਤੇ ਸੰਸਦ ਭਵਨ ‘ਚ ਸ਼ਰਧਾਂਜਲੀ ਸਭਾ ‘ਚ ਵੀ ਹਿੱਸਾ ਲਿਆ। ਉਨ੍ਹਾਂ ਇਸ ਪ੍ਰੋਗਰਾਮ ਨਾਲ ਜੁੜੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ 13 ਦਸੰਬਰ 2001 ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਨੇ ਸੰਸਦ ‘ਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਦਿੱਲੀ ਪੁਲੀਸ ਦੇ ਪੰਜ ਜਵਾਨ, ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਮਹਿਲਾ ਕਰਮਚਾਰੀ ਅਤੇ ਸੰਸਦ ਦੇ ਦੋ ਮੁਲਾਜ਼ਮ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਹਮਲੇ ਵਿੱਚ ਕੈਮਰਾਮੈਨ ਵੀ ਮਾਰਿਆ ਗਿਆ ਸੀ।