ਰਾਜੋਆਣਾ ਦੀ ਭੁੱਖ ਹੜਤਾਲ ਰੁਕਵਾਉਣ ਲਈ ਆਇਆ ਸੀ ਅਕਾਲੀ ਦਲ ਦਾ ਵਫ਼ਦ
ਪਟਿਆਲਾ, 4 ਦਸੰਬਰ
ਪਿਛਲੇ 27 ਸਾਲਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਬਲਵੰੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਆਏ ਅਕਾਲੀ ਦਲ ਦੇ ਦੋ ਮੈਂਬਰੀ ਵਫ਼ਦ ਨੂੰ ਅੱਜ ਜੇਲ੍ਹ ਪ੍ਰਸ਼ਾਸਨ ਵੱਲੋਂ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ’ਤੇ ਆਧਾਰਿਤ ਇਹ ਵਫ਼ਦ ਰਾਜੋਆਣਾ ਵੱਲੋਂ 5 ਦਸੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਭੁੱਖ ਹੜਤਾਲ ਰੁਕਵਾਉਣ ਲਈ ਆਇਆ ਸੀ ਪਰ ਉਨ੍ਹਾਂ ਨੂੰ ਜੇਲ੍ਹ ਦੇ ਮੁੱਖ ਗੇਟ ’ਤੇ ਹੀ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ।
ਉਧਰ, ਮੁਲਾਕਾਤ ਨਾ ਕਰਵਾਉਣ ਦੀ ਨਿੰਦਾ ਕਰਦਿਆਂ ਮਜੀਠੀਆ ਨੇ ‘ਆਪ’ ਸਰਕਾਰ ’ਤੇ ਕੈਦੀਆਂ ਅਤੇ ਜੇਲ੍ਹ ਨਿਯਮਾਂ ਸਬੰਧੀ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਰਾਜੋਆਣਾ ਭੁੱੱਖ ਹੜਤਾਲ ਰੱਖਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਮੇਵਾਰ ਹੋਣਗੇ। ਜੇਲ੍ਹ ਦੇ ਗੇਟ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਅਤਿ ਸੰਵੇਦਨਸ਼ੀਲ ਮੁੱਦੇ ’ਤੇ ਵੀ ਰਾਜਨੀਤੀ ਕਰ ਰਹੇ ਹਨ। ਕੇਜਰੀਵਾਲ ਤੇ ਮਾਨ ਸਰਕਾਰ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਤਾਂ ਜੇਲ੍ਹ ਵਿੱਚੋਂ ਇੰਟਰਵਿਊ ਤੱਕ ਕਰਵਾ ਦਿੱਤੀ ਜਾਂਦੀ ਹੈ। ਵਿਧਾਇਕ ਜਸਵੰਤ ਗੱਜਣਮਾਜਰਾ ਨੂੰ ਈਡੀ ਦੇ ਰਿਮਾਂਡ ਤੋਂ ਬਚਾਉਣ ਲਈ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੰਦੀ ਸਿੰਘਾਂ ਤੇ ਸਿੱਖ ਨੌਜਵਾਨਾਂ ਦਾ ਵਿਰੋਧੀ ਗਰਦਾਨਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਵਿੰਦਰਪਾਲ ਭੁੱਲਰ ਦੀ ਰਿਹਾਈ ਦੇ ਹੁਕਮਾਂ ’ਤੇ ਹਸਤਾਖ਼ਰ ਨਹੀਂ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਏਡੀਜੀਪੀ (ਜੇਲ੍ਹਾਂ) ਨੇ ਉਨ੍ਹਾਂ ਨੂੰ ਰਾਜੋਆਣਾ ਨੂੰ ਮਿਲਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਪਰ ਮੁੱਖ ਮੰਤਰੀ ਨੇ ਅੱਜ ਇਹ ਫੈਸਲਾ ਪਲਟਾ ਦਿੱਤਾ। ਇਸ ਮੌਕੇ ਗੁਰਪ੍ਰੀਤ ਰਾਜੂਖੰਨਾ, ਇੰਦਰਮੋਹਣ ਬਜਾਜ ਤੇ ਭੁਪਿੰਦਰ ਸ਼ੇਖੂਪੁਰ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ 31 ਅਗਸਤ 1995 ਨੂੰ ਵਾਪਰੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਸਬੰਧੀ ਰਾਜੋਆਣਾ ਨੂੰ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਵੱਲੋਂ ਕਾਨੂੰਨੀ ਚਾਰਾਜੋਈ ਨਾ ਕਰਨ ਕਰਕੇੇ ਉਸ ਨੂੰ ਫਾਂਸੀ ਦੇਣ ਲਈ 30 ਮਾਰਚ 2012 ਦਾ ਦਿਨ ਮਿੱਥਿਆ ਗਿਆ ਸੀ। ਉਦੋਂ ਰਾਜੋਆਣਾ ਪਟਿਆਲਾ ਜੇਲ੍ਹ ਵਿੱਚ ਸਨ ਤੇ ਐਤਕੀਂ ਵੀ ਉਨ੍ਹਾਂ ਕੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਰਹਿਮ ਦੀ ਅਪੀਲ ਦਾਇਰ ਕੀਤੀ ਗਈ, ਜਿਸ ’ਤੇ ਰਾਸ਼ਟਰਪਤੀ ਵੱਲੋਂ ਮਿੱਥੀ ਤਰੀਕ ਤੋਂ ਤਿੰਨ ਦਿਨ ਪਹਿਲਾਂ ਫਾਂਸੀ ਦੀ ਸਜ਼ਾ ’ਤੇ ਰੋਕ ਲਗਾ ਕੇ ਅਗਲੇਰੀ ਕਾਰਵਾਈ ਲਈ ਫਾਈਲ ਕੇਂਦਰੀ ਗ੍ਰ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਗਈ ਸੀ।
ਉਧਰ, ਰਾਜੋਆਣਾ ਦਾ ਤਰਕ ਹੈ ਕਿ ਅਕਾਲੀ ਆਗੂਆਂ ਤੇ ਸਿੱਖ ਸੰਸਥਾਵਾਂ ਵੱਲੋਂ ਢੁੱਕਵੀਂ ਕਾਰਵਾਈ ਨਾ ਕੀਤੇ ਜਾਣ ਕਰਕੇ ਹੀ ਇਸ ਪਟੀਸ਼ਨ ਦਾ ਹੁਣ ਤੱਕ ਨਿਪਟਾਰਾ ਨਹੀਂ ਹੋ ਸਕਿਆ ਹੈ। ਇਸ ਕਰ ਕੇ ਰਾਜੋਆਣਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਹ ਪਟੀਸ਼ਨ ਵਾਪਸ ਨਾ ਲਈ ਤਾਂ ਉਹ 5 ਦਸੰਬਰ ਤੋਂ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ।
‘ਪੰਜਾਬ ਜੇਲ੍ਹ ਨਿਯਮ-2022’ ਤਹਿਤ ਰੋਕੀ ਮੁਲਾਕਾਤ: ਜੇਲ੍ਹ ਸੁਪਰਡੈਂਟ
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਦੀ ਰਾਜੋਆਣਾ ਨਾਲ ਮੁਲਾਕਾਤ ‘ਪੰਜਾਬ ਜੇਲ੍ਹ ਨਿਯਮ-2022’ ਤਹਿਤ ਰੋਕੀ ਗਈ ਹੈ। ਜ਼ਿਕਰਯੋਗ ਹੈ ਕਿ ਭਾਵੇਂ ਇਹ ਮੁਲਾਕਾਤ ਇਸ ਨਿਯਮ ਤਹਿਤ ਰੋਕੀ ਹੋਣ ਦਾ ਤਰਕ ਦਿੱਤਾ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਨਿਯਮ ਦੀ ਉਹ ਕਿਹੜੀ ਮੱਦ ਹੈ ਜਿਸ ਨੂੰ ਆਧਾਰ ਬਣਾ ਕੇ ਮੁਲਾਕਾਤ ਨਾ ਕਰਵਾਏ ਜਾਣ ਦਾ ਫੈਸਲਾ ਲਿਆ ਗਿਆ ਹੈ।
ਬਿਕਰਮ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਡਰਾਮਾ ਕਰਨ ਗਏ ਸਨ: ਕੰਗ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅੱਜ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਵਿੱਚ ਸਿਰਫ਼ ਡਰਾਮਾ ਕਰਨ ਗਏ ਸਨ। ਉਨ੍ਹਾਂ ਦਾ ਉਦੇਸ਼ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ, ਸਗੋਂ ਝਗੜਾ ਕਰਨਾ ਸੀ। ਸ੍ਰੀ ਕੰਗ ਨੇ ਕਿਹਾ ਕਿ 2 ਦਸੰਬਰ ਨੂੰ ਹੀ ਜੇਲ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਪਟਿਆਲਾ ਜੇਲ੍ਹ ਵਿੱਚ ਕੋਈ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਮਿਲਣ ਲਈ ਸਖਤ ਨਿਯਮ-ਕਾਨੂੰਨ ਹਨ। ਸ੍ਰੀ ਕੰਗ ਨੇ ਬਿਕਰਮ ਮਜੀਠੀਆ ਨੂੰ ਸਵਾਲ ਕੀਤਾ ਕਿ ਉਹ ਸਾਲ 2007 ਤੋਂ 2017 ਤੱਕ ਬਤੌਰ ਮੰਤਰੀ ਹੁੰਦਿਆਂ ਕਿੰਨੀ ਵਾਰ ਬੰਦੀ ਸਿੰਘਾਂ ਨਾਲ ਮੁਲਾਕਾਤ ਕਰ ਕੇ ਆਏ ਸਨ। ਜਦੋਂ ਉਹ ਸਰਕਾਰ ਵਿੱਚ ਸਨ ਤਾਂ ਉਹ ਇੱਕ ਵਾਰ ਵੀ ਬੰਦੀ ਸਿੰਘਾਂ ਨੂੰ ਮਿਲਣ ਨਹੀਂ ਗਏ ਸਨ ਤੇ ਹੁਣ ਉਨ੍ਹਾਂ ਨੂੰ ਅਚਾਨਕ ਰਾਜੋਆਣਾ ਦੀ ਯਾਦ ਕਿਵੇਂ ਆ ਗਈ।