ਨਵੀਂ ਦਿੱਲੀ:
ਇੰਡੀਆ ਗੱਠਜੋੜ ਦੀ 6 ਦਸੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਟੀਐੱਮਸੀ ਮੈਂਬਰਾਂ ਨੇ ਅੱਜ ਵਿਰੋਧੀ ਧਿਰਾਂ ਦੇ ਆਗੂਆਂ ਦੀ ਬੈਠਕ ਵਿਚ ਸੀਟਾਂ ਦੀ ਵੰਡ ਦਾ ਮੁੱਦਾ ਚੁੱਕਿਆ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਰਣਨੀਤੀ ਬਣਾਉਣ ਲਈ ਅੱਜ ਵਿਰੋਧੀ ਧਿਰਾਂ ਦੀ ਬੈਠਕ ਹੋਈ ਸੀ। ਟੀਐਮਸੀ ਵੱਲੋਂ ਮੀਟਿੰਗ ਵਿਚ ਸੁਦੀਪ ਬੰਦੋਪਾਧਿਆਏ ਤੇ ਡੈਰੇਕ ਓ’ ਬ੍ਰਾਇਨ ਹਾਜ਼ਰ ਸਨ। ਮੀਟਿੰਗ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੈਂਬਰ ਵਿਚ ਹੋਈ। ਮੀਟਿੰਗ ਵਿਚ ਟੀਐੱਮਸੀ ਆਗੂਆਂ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਫੈਸਲਾ ਜਲਦੀ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਉਮੀਦਵਾਰਾਂ ਨੂੰ ਤਿਆਰੀ ਲਈ ਸਮਾਂ ਮਿਲ ਸਕੇ। ਕੋਲਕਾਤਾ ਵਿਚ ਟੀਐੱਮਸੀ ਸੁਪਰੀਮੋ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਹੋਰਨਾਂ ਰੁਝੇਵਿਆਂ ਕਾਰਨ ਇੰਡੀਆ ਗੱਠਜੋੜ ਦੀ ਮੀਟਿੰਗ ਵਿਚ ਹਿੱਸਾ ਨਹੀਂ ਲੈ ਸਕੇਗੀ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਦੀ ਤਰੀਕ ਬਾਰੇ ਪਤਾ ਨਹੀਂ ਸੀ, ਤੇ ਜੇ ਪਹਿਲਾਂ ਜਾਣੂ ਕਰਾਇਆ ਗਿਆ ਹੁੰਦਾ ਤਾਂ ਉਹ ਆਪਣਾ ਪ੍ਰੋਗਰਾਮ ਉਸੇ ਹਿਸਾਬ ਨਾਲ ਤੈਅ ਕਰਦੇ। ਟੀਐੱਮਸੀ ਆਗੂ ਨੇ ਕਿਹਾ ਕਿ ਰਾਜਸਥਾਨ ਵਿਚ ਭਾਜਪਾ ਨੇ ਕਾਂਗਰਸ ਨਾਲੋਂ ਵੱਧ ਸੀਟਾਂ ਹੋਰਨਾਂ ਪਾਰਟੀਆਂ ਵੱਲੋਂ ਵੋਟਾਂ ਤੋੜਨ ਕਰ ਕੇ ਜਿੱਤੀਆਂ ਹਨ। ਮਮਤਾ ਨੇ ਕਿਹਾ ਕਿ ਜੇ ਸੀਟਾਂ ਦੀ ਵੰਡ ਬਾਰੇ ਜਲਦੀ ਫੈਸਲਾ ਹੁੰਦਾ ਹੈ ਤਾਂ ਭਾਜਪਾ ਸੱਤਾ ਵਿਚ ਨਹੀਂ ਆ ਸਕੇਗੀ। ਹਿੰਦੀ ਭਾਸ਼ਾਈ ਖੇਤਰ ’ਚ ਕਾਂਗਰਸ ਦੀ ਹਾਰ ਕਾਰਨ ‘ਇੰਡੀਆ’ ’ਚ ਵੀ ਹਲਚਲ ਹੈ। ਸਮਾਜਵਾਦੀ ਪਾਰਟੀ ਵੀ ਸੀਟਾਂ ਦੀ ਵੰਡ ਦੇ ਮੁੱਦੇ ਉਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਅੱਜ ਮੀਟਿੰਗ ਵਿਚ ਸ਼ਾਮਲ ਨਹੀਂ ਹੋਈ। ਸ਼ਿਵ ਸੈਨਾ (ਯੂਬੀਟੀ), ਜੇਡੀਯੂ ਤੇ ‘ਆਪ’ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਖੇਤਰੀ ਸਹਿਯੋਗੀਆਂ ਨੂੰ ਹੋਰ ਥਾਂ ਦੇਣੀ ਚਾਹੀਦੀ ਹੈ।