ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 19 ਨਵੰਬਰ
ਬਠਿੰਡਾ ਸਿਟੀ ਟਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਦਾ ਤਬਾਦਲਾ ਪੁਲੀਸ ਲਾਈਨ ਵਿੱਚ ਹੋ ਗਿਆ ਹੈ। ਉਸ ਦੀ ਥਾਂ ਮੋਗਾ ਤੋਂ ਆਏ ਸਬ-ਇੰਸਪੈਕਟਰ ਦਲਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਇਸ ਤਬਾਦਲੇ ਨੂੰ ਬੇਸ਼ਕ ਰੁਟੀਨ ਕਾਰਵਾਈ ਦੱਸ ਰਹੇ ਹਨ ਪਰ ਬੀਤੇ ਦਿਨੀਂ ਇੰਟਰਨੈੱਟ ’ਤੇ ਵਾਇਰਲ ਹੋਏ ਕਥਿਤ ਵਾਇਰਲੈੱਸ ਸੁਨੇਹੇ ਨੂੰ ਇਸ ਬਦਲੀ ਦੀ ਬੁਨਿਆਦ ਮੰਨਿਆ ਜਾ ਰਿਹਾ ਹੈ। ਪੁਲੀਸ ਵੱਲੋਂ ਉਸ ਕਰਮਚਾਰੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵੱਲੋਂ ਆਡੀਓ ਲੀਕ ਕੀਤੀ ਗਈ ਹੈ।
ਗੌਰਤਲਬ ਹੈ ਕਿ ਸਬ-ਇੰਸਪੈਕਟਰ ਅਮਰੀਕ ਸਿੰਘ ਦਾ ਆਡੀਓ ਸੰਦੇਸ਼ ਵਾਇਰਲ ਹੋਇਆ ਸੀ ਜਿਸ ਵਿੱਚ ਟਰੈਫ਼ਿਕ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਚੇਅਰਮੈਨਾਂ ਨੂੰ ਸਲੂਟ ਮਾਰਨ ਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਛੇਤੀ ਲੰਘਾਉਣ ਲਈ ਕਿਹਾ ਗਿਆ ਸੀ। ਸੰਦੇਸ਼ ਵਿੱਚ ਬਠਿੰਡਾ ਸ਼ਹਿਰ ਨਾਲ ਸਬੰਧਤ ਪੰਜ ਚੇਅਰਮੈਨਾਂ ਵੱਲੋਂ ਐੱਸਐੱਸਪੀ ਨੂੰ ਮਿਲ ਕੇ ਟਰੈਫ਼ਿਕ ਕਰਮਚਾਰੀਆਂ ਵੱਲੋਂ ਪ੍ਰੋਟੋਕਾਲ ਮੁਤਾਬਕ ਸਲੂਟ ਨਾ ਮਾਰਨ ਤੇ ਭੀੜ ’ਚੋਂ ਗੱਡੀਆਂ ਨੂੰ ਉਚੇਚੇ ਤੌਰ ’ਤੇ ਨਾ ਲੰਘਾਉਣ ਦੀ ਸ਼ਿਕਾਇਤ ਕੀਤੀ ਦੱਸੀ ਗਈ ਹੈ।
ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਹੂਟਰ ਮਾਰਨ ਮਗਰੋਂ ਵੀ ਟਰੈਫ਼ਿਕ ਮੁਲਾਜ਼ਮ ਗੱਡੀਆਂ ਲੰਘਾਉਣ ਵਿੱਚ ਕੋਈ ਮਦਦ ਨਹੀਂ ਕਰਦੇ। ਮਾਮਲਾ ਜਨਤਕ ਹੋਣ ’ਤੇ ਚੇਅਰਮੈਨਾਂ ਨੇ ਅਜਿਹੀ ਕੋਈ ਸ਼ਿਕਾਇਤ ਕਰਨ ਬਾਰੇ ਅਗਿਆਨਤਾ ਜ਼ਾਹਰ ਕੀਤੀ ਸੀ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਸੇ ਵੀ ਚੇਅਰਮੈਨ ਵੱਲੋਂ ਅਜਿਹੇ ਮਾਮਲੇ ’ਚ ਉਨ੍ਹਾਂ ਤੱਕ ਪਹੁੰਚ ਕਰਨ ਤੋਂ ਸਪੱਸ਼ਟ ਇਨਕਾਰ ਕੀਤਾ ਸੀ। ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਇਹ ਰੁਟੀਨ ਦੀ ਕਾਰਵਾਈ ਸੀ ਕਿਉਂਕਿ ਸੰਵਿਧਾਨਕ ਰੁਤਬਿਆਂ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨ ਦੇਣ ਬਾਰੇ ਉਨ੍ਹਾਂ ਕਈ ਪਾਸਿਓਂ ਆਈ ਸ਼ਿਕਾਇਤ ਮਗਰੋਂ ਹੀ ਉਨ੍ਹਾਂ ਆਪਣੇ ਪੱਧਰ ’ਤੇ ਇਹ ਸੁਨੇਹਾ ਦਿੱਤਾ ਸੀ।