ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਥਾਨਕ ਡੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੌਜ਼ਰੀ ਵਪਾਰੀ ਸੰਭਵ ਜੈਨ ਦਾ ਹਾਲ-ਚਾਲ ਪੁੱਛਿਆ ਜਿਸ ਨੂੰ ਕੱਲ੍ਹ ਲੁਟੇਰਿਆਂ ਨੇ ਅਗਵਾ ਕਰਕੇ ਪੰਜ ਕਰੋੜ ਦੀ ਫਿਰੌਤੀ ਮੰਗੀ ਸੀ ਅਤੇ ਉਸ ਦੀ ਲੱਤ ਵਿਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ। ਲੁਟੇਰੇ ਜੈਨ ਨੂੰ ਅਗਵਾ ਕਰਨ ਮਗਰੋਂ ਉਸ ਦੀ ਕਾਰ ਵਿੱਚ ਕਈ ਥਾਈਂ ਉਸ ਨੂੰ ਘੁੰਮਾਉਂਦੇ ਰਹੇ ਤੇ ਗੋਲੀ ਨਾਲ ਜ਼ਖ਼ਮੀ ਕਰਕੇ ਭੀੜ ਵਾਲੇ ਇਲਾਕੇ ’ਚ ਸੁੱਟ ਗਏ ਸਨ। ਸ੍ਰੀ ਜਾਖੜ ਨੇ ਸੰਭਵ ਜੈਨ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜ ਰਹੀ ਹੈ ਤੇ ਇਸ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਮੁੱਢਲਾ ਫਰਜ਼ ਸੂਬਾ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੈ, ਪਰ ਇਸ ਦੇ ਉਲਟ ਉਹ ਪ੍ਰਚਾਰ ਮੁਹਿੰਮਾਂ ਤੇ ਡਰਾਮੇਬਾਜ਼ੀਆਂ ਵਿੱਚ ਰੁੱਝੇ ਹੋਏ ਹਨ।
ਸ੍ਰੀ ਜਾਖੜ ਨੇ ਕਿਹਾ ਕਿ ‘ਸਰਕਾਰ ਸਨਅਤਕਾਰ ਮਿਲਣੀ’ ਵੇਲੇ ਮੁੱਖ ਮੰਤਰੀ ਨੇ ਸੂਬੇ ਵਿੱਚ ਵੱਖ ਵੱਖ ਥਾਵਾਂ ’ਤੇ 14 ਵਾਧੂ ਪੁਲੀਸ ਚੌਂਕੀਆਂ ਬਣਾਉਣ ਦਾ ਐਲਾਨ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਬਰਾੜ ਸੂਬਾ ਜਨਰਲ ਸਕੱਤਰ, ਅਨਿਲ ਸਰੀਨ ਸੂਬਾ ਜਨਰਲ ਸਕੱਤਰ, ਜਤਿੰਦਰ ਮਿੱਤਲ ਮੀਤ ਪ੍ਰਧਾਨ, ਰਾਜੇਸ਼ ਧੀਮਾਨ ਜ਼ਿਲ੍ਹਾ ਪ੍ਰਧਾਨ ਅਤੇ ਗੁਰਦੇਵ ਸ਼ਰਮਾ ਦੇਬੀ ਵੀ ਹਾਜ਼ਰ ਸਨ।