ਬਠਿੰਡਾ, 16 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਫੇਰੀ ਮੌਕੇ ਨਗਰ ਨਿਗਮ ਦੇ ਚਾਰ ਅਕਾਲੀ ਕੌਂਸਲਰਾਂ ਨੂੰ ਪਾਰਟੀ ਵਿੱਚ ਕੱਢਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ 4 ਕੌਂਸਲਰਾਂ ਨੇ ਬੁੱਧਵਾਰ ਨੂੰ ਨਿਗਮ ਦੇ ਮੇਅਰ ਰਮਨ ਗੋਇਲ ਨੂੰ ਬੇਭਰੋਸਗੀ ਦੇ ਮਤੇ ਰਾਹੀਂ ਗੱਦੀ ਤੋਂ ਉਤਾਰਨ ਲਈ ਕਾਂਗਰਸ ਦਾ ਸਾਥ ਦਿੱਤਾ ਸੀ। ਸ੍ਰੀ ਬਾਦਲ ਅੱਜ ਬਠਿੰਡਾ ਖੇਤਰ ਦੇ ਟਕਸਾਲੀ ਆਗੂ ਅਤੇ ਐੱਸਜੀਪੀਸੀ ਮੈਂਬਰ ਸੁਖਦੇਵ ਸਿੰਘ ਬਾਈਆ ਦੀ ਪਿਛਲੇ ਦਿਨੀਂ ਅਮਰੀਕਾ ਵਿੱਚ ਹੋਈ ਮੌਤ ’ਤੇ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਮੌਕੇ ਪੁੱਜੇ ਹੋਏ ਸਨ। ਮੀਡੀਆ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਾਥ ਦੇਣ ਵਾਲੇ ਕੌਂਸਲਰ ਹੁਣ ਸਾਡੀ ਪਾਰਟੀ ਦੇ ਨਹੀਂ ਹਨ। ਇਨ੍ਹਾਂ ਕੌਂਸਲਰ ਵਿੱਚ ਹਰਪਾਲ ਸਿੰਘ ਢਿੱਲੋਂ ਬਠਿੰਡਾ ਸ਼ਹਿਰੀ ਦੇ ਯੂਥ ਪ੍ਰਧਾਨ, ਮੱਖਣ ਸਿੰਘ ਐੱਸੀ ਵਿੰਗ ਦੇ ਪ੍ਰਧਾਨ, ਕੰਵਲਜੀਤ ਕੌਰ ਅਤੇ ਗੁਰਦੇਵ ਕੌਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਨਿਗਮ ਚੋਣਾਂ ਮੌਕੇ ਅਕਾਲੀ ਦਲ ਦੇ 7 ਕੌਂਸਲਰ ਜਿੱਤੇ ਸਨ। ਇਨ੍ਹਾਂ ਵਿੱਚੋਂ ਇੱਕ ਕੌਂਸਲਰ ਨਿਗਮ ਦੇ ਸਾਬਕਾ ਮੇਅਰ ਬਲਵੰਤ ਨਾਥ ਰਾਏ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ। ਇੱਕ ਕੌਂਸਲਰ ਸਾਬਕਾ ਅਕਾਲੀ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਨਾਲ ਭਾਜਪਾ ਵਿੱਚ ਚਲਾ ਗਿਆ ਸੀ। ਕੱਲ੍ਹ ਹੋਈ ਮੀਟਿੰਗ ਦੌਰਾਨ ਇੱਕ ਕੌਂਸਲਰ ਨੇ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਸੀ ਕੀਤੀ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਧਾਨ ਨੂੰ ਪਿੰਡ ਬਾਦਲ ਸੱਦਿਆ ਗਿਆ ਹੈ।