Search
Close this search box.

ਅੰਮ੍ਰਿਤਸਰ ’ਚ ਪੰਜਾਬ ਪੁਲੀਸ ਦੇ ਏਐੱਸਆਈ ਦੀ ਗੋਲੀ ਮਾਰ ਕੇ ਹੱਤਿਆ

ਜੰਡਿਆਲਾ ਗੁਰੂ, 17 ਨਵੰਬਰ 

ਇਥੋਂ ਨਜ਼ਦੀਕੀ ਸਥਿਤ ਦੋਬੁਰਜੀ ਖਾਨਕੋਟ ਸੜਕ ਉਪਰ ਅਣਪਛਾਤਿਆਂ ਵੱਲੋਂ ਜੰਡਿਆਲਾ ਗੁਰੂ ਥਾਣੇ ਅਧੀਨ ਪੁਲੀਸ ਚੌਕੀ ਨਵਾਂ ਪਿੰਡ ਵਿੱਚ ਤਾਇਨਾਤ ਏਐੱਸਆਈ ਸਰੂਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਏਐਸਆਈ ਦੇ ਬੇਟੇ ਲਵਪ੍ਰੀਤ ਸਿੰਘ ਦੇ ਬਿਆਨ ਉੱਪਰ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਡੀਐੱਸਪੀ ਸੁੱਚਾ ਸਿੰਘ ਨੇ ਦੱਸਿਆ ਏਐੱਸਆਈ ਸਰੂਪ ਸਿੰਘ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ ਸੀ, ਜਿਸ ਵਿੱਚ ਉਨ੍ਹਾਂ ਦੀ ਫੋਨ ਕਰਨ ਵਾਲੇ ਨਾਲ ਬਹੁਤ ਬਹਿਸ ਹੋਈ। ਇਸ ਤੋਂ ਬਾਅਦ ਉਹ ਆਪਣੇ ਘਰ ਤੋਂ ਐਕਟੀਵਾ ਪੀਬੀ 05 ਏਡੀ 3639 ਉੱਤੇ ਸਵਾਰ ਹੋ ਕੇ ਪੁਲੀਸ ਚੌਕੀ ਵਾਸਤੇ ਚਲੇ ਗਏ, ਜਦੋਂ ਉਹ ਬਹੁਤ ਦੇਰ ਤੱਕ ਵਾਪਸ ਨਾ ਆਏ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਫੋਨ ਕੀਤਾ, ਜੋ ਬੰਦ ਸੀ। ਉਨ੍ਹਾਂ ਦਾ ਬੇਟਾ ਸਾਫਟਵੇਅਰ ਇੰਜੀਨਅਰ ਹੈ ਤੇ ਦਿਵਾਲੀ ਦੀਆਂ ਛੁੱਟੀਆਂ ਕਾਰਨ ਘਰ ਆਇਆ ਹੋਇਆ ਸੀ। ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੁਲੀਸ ਚੌਕੀ ਜਾ ਕੇ ਪਤਾ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰੂਪ ਸਿੰਘ ਚੌਕੀ ਪਹੁੰਚੇ ਹੀ ਨਹੀਂ। ਫਿਰ ਪਰਿਵਾਰ ਨੂੰ ਕਾਫੀ ਖੋਜ ਕਰਨ ਤੋਂ ਬਾਅਦ ਸੂਏ ਕਿਨਾਰੇ ਲਾਸ਼ ਮਿਲੀ। ਮੌਕੇ ‘ਤੇ ਜਾ ਕੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਵੱਲੋਂ ਕਤਲ ਦਾ ਕਾਰਨ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ ਪੁਲੀਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ਵਿੱਚ ਸ਼ਰਨਪ੍ਰੀਤ ਸਿੰਘ ਵਾਸੀ ਦਸ਼ਮੇਸ਼ ਨਗਰ, ਵਿਸ਼ਾਲਦੀਪ ਸਿੰਘ ਅਤੇ ਵੰਸ਼ ਕਾਲਗੜ੍ਹ ਢਪਈਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐੱਸਪੀ ਨੇ ਦੱਸਿਆ ਇਸ ਸਬੰਧੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਇੱਕ ਨਾਮਜ਼ਦ ਕੀਤੇ ਵਿਅਕਤੀ ਘਰੋਂ ਖੂਨ ਨਾਲ ਰੰਗੇ ਕੱਪੜੇ ਵੀ ਬਰਾਮਦ ਹੋਏ ਹਨ।

Leave a Comment

[democracy id="1"]

You May Like This