ਡੇਰਾ ਬਾਬਾ ਨਾਨਕ, 9 ਨਵੰਬਰ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਪੰਜਵੀਂ ਵਰ੍ਹੇਗੰਢ ਅੱਜ ਲਾਂਘੇ ਉੱਪਰ ਲੈਂਡ ਪੋਰਟ ਅਥਾਰਿਟੀ, ਬੀਐੱਸਐੱਫ, ਸਥਾਨਕ ਲੋਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਮਨਾਈ ਗਈ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ| ਇਸ ਮੌਕੇ ਲੈਂਡ ਪੋਰਟ ਅਥਾਰਿਟੀ ਦੇ ਜਨਰਲ ਮੈਨੇਜਰ ਟਿੱਕਾ ਰਾਮ ਨੇ ਦੱਸਿਆ ਕਿ 9 ਨਵੰਬਰ 2019 ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਪਾਕਿਸਤਾਨ ਸਥਤਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਇਹ ਲਾਂਘਾ ਖੋਲ੍ਹਿਆ ਗਿਆ ਸੀ। ਉਨ੍ਹਾਂ ਦੱਸਿਆ ਕਿ 11 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਆਮ ਲੋਕਾਂ ਲਈ ਇੱਕ ਦਿਨ ਲਈ ਖੋਲ੍ਹਿਆ ਜਾ ਰਿਹਾ ਹੈ ਜੋ ਸ਼ਰਧਾਲੂ ਕਿਸੇ ਕਾਰਨ ਪਾਕਿਸਤਾਨ ਨਹੀਂ ਜਾ ਸਕੇ, ਉਨ੍ਹਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲੈਂਡ ਪੋਰਟ ਅਥਾਰਿਟੀ ਨੇ ਇਹ ਫੈਸਲਾ ਕੀਤਾ ਹੈ ਕਿ ਆਮ ਸ਼ਰਧਾਲੂਆਂ ਨੂੰ ਕਰਤਾਰਪੁਰ ਲਾਂਘੇ ਦੀ ਚੈੱਕ ਪੋਸਟ ਵੇਖਣ ਦਾ ਮੌਕਾ ਦਿੱਤਾ ਜਾਵੇ। ਇਸ ਸਬੰਧੀ 50 ਰੁਪਏ ਪ੍ਰਤੀ ਵਿਅਕਤੀ ਟਿਕਟ ਰੱਖੀ ਗਈ ਹੈ| ਉਨ੍ਹਾਂ ਦੱਸਿਆ ਕਿ ਇਸ ਸਬੰਧੀ 11 ਤੋਂ ਦੁਪਹਿਰ 3 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਜੋ ਸ਼ਰਧਾਲੂ ਪਾਕਿਸਤਾਨ ਜਾਂਦੇ ਹਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਲਈ ਆਮ ਲੋਕਾਂ ਲਈ ਇਹ ਸਮਾਂ ਰੱਖਿਆ ਗਿਆ ਹੈ| ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸਿਰਫ਼ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਲਾਂਘੇ ਦਾ ਦਾਖ਼ਲਾ ਮਿਲਦਾ ਸੀ ਅਤੇ ਆਮ ਲੋਕਾਂ ਨੂੰ ਲਾਂਘੇ ਦੇ ਨੇੜੇ ਜਾਣ ਦੀ ਆਗਿਆ ਨਹੀਂ ਹੁੰਦੀ| ਉਨ੍ਹਾਂ ਆਮ ਲੋਕਾਂ ਨੂੰ 11 ਤਾਰੀਖ ਨੂੰ ਲਾਂਘੇ ’ਤੇ ਆਉਣ ਦਾ ਸੱਦਾ ਦਿੱਤਾ ਹੈ| ਇਸ ਮੌਕੇ ਸ਼ਰਧਾਲੂਆਂ ਨੇ ਮੰਗ ਕੀਤੀ ਇਹ ਲਾਂਘਾ ਬਿਨਾਂ ਪਾਸਪੋਰਟ ਦੀ ਸ਼ਰਤ ਤੋਂ ਆਧਾਰ ਕਾਰਡ ’ਤੇ ਹੀ ਖੋਲ੍ਹ ਦੇਣਾ ਚਾਹੀਦਾ ਹੈ|