ਬਠਿੰਡਾ, 9 ਨਵੰਬਰ
ਹਵਾ ਪ੍ਰਦੂਸ਼ਣ ਨੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅੱਜ ਪੰਜਾਬ ਭਰ ’ਚੋਂ ਬਠਿੰਡਾ ਦੀ ਫ਼ਿਜ਼ਾ ਸਭ ਤੋਂ ਵੱਧ ਜ਼ਹਿਰੀਲੀ ਰਹੀ। ਬਠਿੰਡਾ ’ਚ ਏਕਿਊਆਈ ਦਾ ਪੱਧਰ 372 ਤੱਕ ਪਹੁੰਚ ਗਿਆ। ਹਵਾ ਦੀ ਗੁਣਵੱਤਾ ਦੇ ਡਿੱਗੇ ਗ਼ਰਾਫ਼ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੂਰ ਤੱਕ ਵਿਖਾਈ ਦੇਣ ਦੀ ਸਮਰੱਥਾ (ਵਜਿ਼ੀਬਿਲਿਟੀ) ਘਟਣ ਕਰਕੇ ਆਵਾਜਾਈ ਵੀ ਪ੍ਰਭਾਵਤਿ ਹੋਣ ਲੱਗੀ ਹੈ। ਗੋਬਿੰਦਗੜ੍ਹ ’ਚ ਹਵਾ ਦੀ ਗੁਣਵੱਤਾ ਦਾ ਪੱਧਰ (ਏਆਈਕਿਊ) ਬਠਿੰਡਾ ਤੋਂ ਘੱਟ 357 ਰਿਹਾ। ਇਸੇ ਤਰ੍ਹਾਂ ਗੁਆਂਢੀ ਸੂਬੇ ਰਾਜਸਥਾਨ ਦੇ ਸ਼ਹਿਰ ਸ੍ਰੀ ਗੰਗਾਨਗਰ ’ਚ ਹਵਾ ਗੁਣਵੱਤਾ ਅੰਕ 345, ਪਟਿਆਲਾ ’ਚ 306, ਖੰਨਾ ਵਿੱਚ 297, ਜਲੰਧਰ 249 ਅਤੇ ਸ੍ਰੀ ਅੰਮ੍ਰਤਿਸਰ ਸਾਹਿਬ 229 ਰਿਹਾ। ਹਵਾ ਦੀ ਕੁਆਲਿਟੀ ਦੇ ਦਿਨੋਂ-ਦਿਨ ਨਿੱਘਰ ਰਹੇ ਪੱਧਰ ਕਾਰਨ ਸਾਹ, ਦਮੇ ਅਤੇ ਚਮੜੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ’ਚ ਇਕਦਮ ਵਾਧਾ ਹੋਇਆ ਹੈ। ਸਿਹਤ ਮਾਹਿਰਾਂ ਦਾ ਦੱਸਣਾ ਹੈ ਕਿ ਬਜ਼ੁਰਗ, ਬੱਚੇ ਅਤੇ ਕਮਜ਼ੋਰ ਸਿਹਤ ਵਾਲੇ ਵਿਅਕਤੀ ਪ੍ਰਦੂਸ਼ਣ ਦੀ ਜਕੜ ਵਿੱਚ ਜ਼ਿਆਦਾ ਆ ਰਹੇ ਹਨ।
ਇਸ ਦੇ ਨਾਲ ਹੀ ਖੰਘ, ਜੁਕਾਮ ਤੇ ਰੇਸ਼ੇ ਤੋਂ ਪ੍ਰਭਾਵਤਿ ਰੋਗੀਆਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ। ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਖੁੱਲ੍ਹੇ ’ਚ ਨਿਕਲਣ ਤੋਂ ਪ੍ਰਹੇਜ਼ ਕੀਤਾ ਜਾਵੇ। ਮਜਬੂਰੀਵੱਸ ਬਾਹਰ ਜਾਣ ਦੀ ਹਾਲਤ ’ਚ ਸਰੀਰ ਨੂੰ ਢੱਕ ਕੇ, ਮੂੰਹ ’ਤੇ ਮਾਸਕ ਅਤੇ ਅੱਖਾਂ ’ਤੇ ਐਨਕ ਦੀ ਵਰਤੋਂ ਕੀਤੀ ਜਾਵੇ।
ਪੰਜਾਬ ’ਚ ਅੱਜ ਮੀਂਹ ਦੇ ਆਸਾਰ
ਮੌਸਮ ਮਾਹਿਰਾਂ ਮੁਤਾਬਕ ਪੱਛਮੀ ਵਿਗਾੜ ਮੀਂਹ ਨਾਲ 10 ਨਵੰਬਰ ਨੂੰ ਪੰਜਾਬ ’ਚ ਦਸਤਕ ਦੇ ਸਕਦਾ ਹੈ। ਇਸ ਦਾ ਬਹੁਤਾ ਪ੍ਰਭਾਵ ਹਿਮਾਚਲ ਪ੍ਰਦੇਸ਼ ਅਤੇ ਜੰਮੂ ਰਹੇਗਾ। ਪੰਜਾਬ ਦੇ ਮਾਝਾ ਅਤੇ ਦੋਆਬਾ ਦੇ ਖੇਤਰ ’ਚ ਹਲਕੇ ਮੀਂਹ ਦੀ ਸੰਭਾਵਨਾ ਹੈ ਜਦਕਿ ਮਾਲਵਾ ਦੀ ਦੱਖਣੀ ਪੱਟੀ ’ਚ ਇਸ ਦਾ ਅਸਰ ਕੁਝ ਕੁ ਥਾਵਾਂ ’ਤੇ ਹੋਣ ਦੀ ਉਮੀਦ ਹੈ। ਮੀਂਹ ਤੋਂ ਇਲਾਵਾ ਗਰਜ, ਲਿਸ਼ਕ ਅਤੇ ਕਤਿੇ-ਕਤਿੇ ਗੜੇਮਾਰੀ ਦੇ ਵੀ ਆਸਾਰ ਹਨ। ਮੀਂਹ ਨਾਲ ਅੰਬਰੀਂ ਚੜ੍ਹਿਆ ਧੂੰਆਂ, ਮਿੱਟੀ ਦਾ ਗੁਬਾਰ ਦੀਵਾਲੀ ਤੋਂ ਪਹਿਲਾਂ ਇਕ ਵਾਰ ਖਤਮ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਠੰਢੀਆਂ ਪੌਣਾਂ ਵਗਣ ਨਾਲ ਠੰਢ ਦੇ ਪਹਿਲੇ ਪੜਾਅ ਦਾ ਆਗ਼ਾਜ਼ ਵੀ ਹੋ ਜਾਵੇਗਾ। ਹਾਲਾਂਕਿ 10 ਨਵੰਬਰ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ।