ਰਾਫਾਹ, 24 ਅਕਤੂਬਰ
ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਬੰਬਾਰੀ ਵਧਾ ਦਿੱਤੀ ਹੈ। ਹਮਾਸ ਅਧੀਨ ਚੱਲ ਰਹੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਵਾਈ ਹਮਲਿਆਂ ਕਾਰਨ ਗਾਜ਼ਾ ਪੱਟੀ ’ਚ ਪਿਛਲੇ ਇਕ ਦਿਨ ਦੌਰਾਨ 700 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਫਲਸਤੀਨੀ ਅਧਿਕਾਰੀਆਂ ਮੁਤਾਬਕ ਹਵਾਈ ਹਮਲਿਆਂ ਵਿਚ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਹਨ ਜਨਿ੍ਹਾਂ ਵਿਚੋਂ ਕੁਝ ਦੱਖਣੀ ਗਾਜ਼ਾ ’ਚ ਹਨ। ਖਾਨ ਯੂਨਿਸ ’ਚ ਇਕ ਚਾਰ-ਮੰਜ਼ਿਲਾ ਇਮਾਰਤ ਨੁਕਸਾਨੇ ਜਾਣ ਕਾਰਨ ਕਰੀਬ 32 ਲੋਕ ਮਾਰੇ ਗਏ ਹਨ। ਵੱਡੀ ਗਿਣਤੀ ਲੋਕ ਜ਼ਖਮੀ ਵੀ ਹਨ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ, ਬਲਕਿ ਹਮਾਸ ਦੇ ਅਤਿਵਾਦੀ ਲੋਕਾਂ ਨੂੰ ਕਵਰ ਵਜੋਂ ਵਰਤ ਰਹੇ ਹਨ। ਜੰਗ ਦੇ ਸ਼ੁਰੂ ਤੋਂ ਹੁਣ ਤੱਕ ਫਲਸਤੀਨੀ ਅਤਿਵਾਦੀਆਂ ਨੇ ਇਜ਼ਰਾਈਲ ’ਤੇ 7 ਹਜ਼ਾਰ ਤੋਂ ਵੱਧ ਰਾਕੇਟ ਦਾਗੇ ਹਨ। ਜੰਗ ਵਿਚ ਹੁਣ ਤੱਕ 5 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਬੱਚੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਵੀ ਅੱਜ ਤਲ ਅਵੀਵ ਪਹੁੰਚੇ ਤੇ ਉਨ੍ਹਾਂ ਫਰਾਂਸੀਸੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜੋ ਜਾਂ ਤਾਂ ਮਾਰੇ ਗਏ ਹਨ ਜਾਂ ਫਿਰ ਬੰਧਕ ਬਣਾ ਲਏ ਗਏ ਹਨ। Punjabi Akhar