ਸੱਤਾ ’ਚ ਆਉਣ ’ਤੇ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ: ਰਾਹੁਲ

ਭੁਪਾਲ, 30 ਸਤੰਬਰ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਦੀ ਸੱਤਾ ’ਚ ਆਈ ਤਾਂ ਉਹ ਦੇਸ਼ ਵਿੱਚ ਓਬੀਸੀ ਦੇ ਲੋਕਾਂ ਦੀ ਸਹੀ ਗਿਣਤੀ ਜਾਣਨ ਲਈ ਜਾਤੀ ਆਧਾਰਿਤ ਜਨਗਣਨਾ ਕਰਾਏਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਥਾਂ ਆਰਐੱਸਐੱਸ ਅਤੇ ਕੇਂਦਰ ਸਰਕਾਰ ਦੇ ਅਧਿਕਾਰੀ ਕਾਨੂੰਨ ਬਣਾ ਰਹੇ ਹਨ। ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਵਿਧਾਨ ਸਭਾ ਹਲਕੇ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਰਾਜ ਨੂੰ ਭ੍ਰਿਸ਼ਟਾਚਾਰ ਦਾ ਕੇਂਦਰ ਦੱਸਿਆ ਤੇ ਦਾਅਵਾ ਕੀਤਾ ਕਿ ਭਾਜਪਾ ਦੇ ਰਾਜ ਹੇਠ ਪਿਛਲੇ 18 ਸਾਲਾਂ ’ਚ 18 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਮੱਧ ਪ੍ਰਦੇਸ਼ ਵਿੱਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਨੇ ਕਿਹਾ, ‘ਸੱਤਾ ’ਚ ਆਉਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾ ਕੰਮ ਦੇਸ਼ ’ਚ ਓਬੀਸੀ ਦੀ ਸਹੀ ਗਿਣਤੀ ਜਾਣਨ ਲਈ ਜਾਤੀ ਆਧਾਰਿਤ ਜਨਗਣਨਾ ਕਰਾਵਾਂਗੇ ਕਿਉਂਕਿ ਕੋਈ ਵੀ ਉਨ੍ਹਾਂ ਦੀ ਸਹੀ ਗਿਣਤੀ ਨਹੀਂ ਜਾਣਦਾ।’ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਦੇਸ਼ ਨੂੰ ਕੈਬਨਿਟ ਸਕੱਤਰ ਤੇ ਸਕੱਤਰਾਂ ਸਮੇਤ ਸਿਰਫ਼ 90 ਅਧਿਕਾਰੀ ਚਲਾ ਰਹੇ ਹਨ ਜਦਕਿ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦੇਸ਼ ’ਚ ਨੀਤੀਆਂ ਤੇ ਕਾਨੂੰਨ ਬਣਾਉਣ ’ਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ, ‘ਭਾਜਪਾ ਦੇ ਚੁਣੇ ਹੋਏ ਮੈਂਬਰਾਂ ਦੀ ਥਾਂ ਆਰਐੱਸਐੱਸ ਦੇ ਮੈਂਬਰ ਤੇ ਨੌਕਰਸ਼ਾਹ ਕਾਨੂੰਨ ਬਣਾ ਰਹੇ ਹਨ। ਆਰਐੱਸਐੱਸ ਨੇ ਲੋਕਾਂ ਦਾ ਧਿਆਨ ਮੂਲ ਮਸਲਿਆਂ ਤੋਂ ਹਟਾਉਣ ਦਾ ਕੰਮ ਸਰਕਾਰ ਨੂੰ ਦੇ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਸਦਨ ’ਚ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਬੋਲਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਤੋਂ ਅਯੋਗ ਐਲਾਨ ਦਿੱਤਾ ਗਿਆ ਸੀ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਸੱਚ ਬੋਲਦੇ ਰਹਿਣਗੇ। ਮਹਿਲਾ ਰਾਖਵਾਂਕਰਨ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਇਸ ’ਚ ਓਬੀਸੀ ਵਰਗ ਦੀਆਂ ਮਹਿਲਾਵਾਂ ਲਈ ਰਾਖਵਾਂਕਰਨ ਕਿਉਂ ਨਹੀਂ ਹੈ। Punjabi Akhar

Leave a Comment

[democracy id="1"]

You May Like This