ਅੰਮ੍ਰਿਤਸਰ, 20 ਸਤੰਬਰ
ਰਾਜਨੀਤੀ ਸ਼ਾਸਤਰ ਵਿਭਾਗ ਦੇ ਪੀਐੱਚਡੀ ਦੇ ਵਿਦਿਆਰਥੀ ਵਿਜੈ ਕੁਮਾਰ ਤੇ ਲਾਅ ਵਿਭਾਗ ਦੀ ਵਿਦਿਆਰਥਣ ਤਾਨੀਆ ਦੇ ਮਾਮਲੇ ਨੂੰ ਲੈ ਕੇ ਦੁਪਹਿਰ 12 ਵਜੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਦੇ ਮੇਨ ਗੇਟ ਵਿਖੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਤੇ ਪੀੜਤ ਵਿਦਿਆਰਥੀਆਂ ਵੱਲੋਂ ਸ਼ਾਮ 5 ਵਜੇ ਅੰਮ੍ਰਿਤਸਰ-ਅਟਾਰੀ ਜੀਟੀ ਰੋਡ ਦੇ ਦੋਵੇਂ ਪਾਸਿਓਂ ਆਵਾਜਾਈ ਬੰਦ ਕਰ ਕੇ ਜੀਐੱਨਡੀਯੂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਪਹਿਲਾਂ ਜੀਐੱਨਡੀਯੂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੀੜਤ ਵਿਦਿਆਰਥੀਆਂ ਅਤੇ ਕਿਸਾਨ ਆਗੂਆਂ ਕੋਲੋਂ ਮੰਗ ਪੱਤਰ ਹਾਸਲ ਕਰਨ ਦੀ ਗੱਲ ਕਹੀ ਗਈ ਸੀ, ਜਿਸ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਵੱਲੋਂ ਠੁਕਰਾਉਂਦੇ ਹੋਏ ਸਿੱਧੇ ਤੌਰ ’ਤੇ ਫ਼ੈਸਲਾ ਕਰਨ ਦੀ ਗੱਲ ਆਖੀ ਗਈ। ਇਸ ਦੌਰਾਨ ਏਡੀਸੀਪੀ ਪ੍ਰਭਜੀਤ ਸਿੰਘ ਵਿਰਕ ਨੇ ਪੀੜਤ ਵਿਦਿਆਰਥੀ ਤੇ ਐੱਸਐੱਫਐੱਸ ਆਗੂ ਵਿਜੈ ਕੁਮਾਰ, ਵਿਦਿਆਰਥਣ ਤਾਨੀਆ ਤੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਕੇ ਆਵਾਜਾਈ ਬਹਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਅਸਫਲ ਰਹੀ। ਦੋਹਾਂ ਧਿਰਾਂ ਦਰਮਿਆਨ ਚੱਲੀ ਮੀਟਿੰਗ ਉਪਰੰਤ ਵਿਜੈ ਕੁਮਾਰ ਦੀ ਪੀਐੱਚਡੀ ਰੈਗੂਲਰ ਕਰਨ, ਦਾਖ਼ਲੇ ਤੋਂ ਮੁਕੰਮਲ ਪਾਬੰਦੀਆਂ ਹਟਾਉਣ ਤੇ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਮੁਕੰਮਲ ਤੇ ਮਾਕੂਲ ਸਮਾਂ ਮੁਹੱਈਆ ਕਰਨ ਦੇ ਫ਼ੈਸਲੇ ਉਪਰੰਤ ਕਿਸਾਨਾਂ ਵੱਲੋਂ ਦੇਰ ਸ਼ਾਮ 7.30 ਵਜੇ ਧਰਨਾ ਚੁੱਕ ਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ। ਇਸ ਸਬੰਧੀ ਡੀਨ (ਅਕਾਦਮਿਕ) ਡਾ. ਐੱਸ.ਐੱਸ. ਬਹਿਲ ਤੇ ਡੀਨ (ਸਟੂਡੈਂਟ ਵੈਲਫੇਅਰ) ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਵੱਲੋਂ ਮੁੱਖ ਗੇਟ ’ਤੇ ਆ ਕੇ ਰਸਮੀ ਐਲਾਨ ਕੀਤਾ ਗਿਆ।