ਮਾਛੀਵਾੜਾ, 2 ਸਤੰਬਰ
ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਤਾਇਨਾਤ ਅਧਿਆਪਕਾ ਸਿਮਰਨਜੀਤ ਕੌਰ (22) ਵਾਸੀ ਟਾਂਡਾ ਕੁਸ਼ਲ ਸਿੰਘ ਨੇ ਕਲਾਸਰੂਮ ਵਿੱਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕਾ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਇਸ ਸਕੂਲ ਵਿੱਚ ਇੱਕ ਸਾਲ ਤੋਂ ਪ੍ਰਾਈਵੇਟ ਤੌਰ ’ਤੇ ਪੜ੍ਹਾ ਰਹੀ ਸੀ। ਉਨ੍ਹਾਂ ਵੀ ਸਿਮਰਨਜੀਤ ਕੌਰ ਵੱਲੋਂ ਉਠਾਏ ਕਦਮ ’ਤੇ ਹੈਰਾਨੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਸਿਮਰਨਜੀਤ ਬਹੁਤ ਹੋਣਹਾਰ ਸੀ। ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿੱਚ 2 ਵਜੇ ਛੁੱਟੀ ਹੋਈ ਤਾਂ ਸਿਮਰਨਜੀਤ ਕੌਰ ਨੇ ਖਾਲੀ ਹੋਏ ਕਲਾਸਰੂਮ ਵਿੱਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ। ਸਕੂਲ ਵਿੱਚ ਬੱਚਿਆਂ ਨੂੰ ਲੈਣ ਆਏ ਇੱਕ ਵਿਅਕਤੀ ਨੇ ਜਦੋਂ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਰੌਲਾ ਪਾਇਆ। ਇਸ ਦੌਰਾਨ ਸਕੂਲ ਵਿੱਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਨੇ ਅਧਿਆਪਕਾ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਮਰਾਲਾ ਜਸਪਿੰਦਰ ਸਿੰਘ, ਥਾਣਾ ਮੁਖੀ ਸੰਤੋਖ ਸਿੰਘ ਵੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ। ਪਰ ਅਜੇ ਤੱਕ ਅਧਿਆਪਕਾ ਵਲੋਂ ਆਤਮ-ਹੱਤਿਆ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਅਧਿਆਪਕਾ ਦਾ ਮੋਬਾਈਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਲਾਸ਼ ਪੋਸਟਮਾਰਟਮ ਲਈ ਭਿਜਵਾ ਦਿੱਤੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਮੀਨੂ ਰਾਣੀ ਨੇ ਦੱਸਿਆ ਕਿ ਅਧਿਆਪਕਾ ਸਿਮਰਨਜੀਤ ਕੌਰ ਸਵੇਰ ਤੋਂ ਪ੍ਰੇਸ਼ਾਨ ਸੀ। ਸਿਮਰਨਜੀਤ ਦੀ ਭੈਣ ਦਾ ਫੋਨ ਉਸ ਦੇ ਮੋਬਾਈਲ ’ਤੇ ਆਇਆ ਸੀ ਤਾਂ ਉਨ੍ਹਾਂ ਉਸ ਦੀ ਗੱਲ ਕਰਵਾ ਦਿੱਤੀ ਸੀ। ਮ੍ਰਿਤਕਾ ਦੇ ਮੋਬਾਈਲ ’ਤੇ ਉਸ ਦੀ ਭੈਣ ਦੇ ਕਈ ਫੋਨ ਆਏ ਹੋਏ ਸਨ ਜਿਸ ਤੋਂ ਪੁਲੀਸ ਅਨੁਮਾਨ ਲਗਾ ਰਹੀ ਹੈ ਕਿ ਕੋਈ ਘਰੇਲੂ ਪ੍ਰੇਸ਼ਾਨੀ ਚੱਲ ਰਹੀ ਸੀ। Punjabi Akhar