ਸ੍ਰੀਹਰੀਕੋਟਾ: ਸੂਰਜ ਦੇ ਅਧਿਐਨ ਲਈ ਭੇਜੇ ਜਾਣ ਵਾਲੇ ਭਾਰਤ ਦੇ ਪਹਿਲੇ ਮਿਸ਼ਨ ‘ਆਦਿੱਤਿਆ ਐਲ1’ ਦੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਨੂੰ ਪੀਐੱਸਐਲਵੀ ਰਾਕੇਟ ਨਾਲ ਦਾਗਿਆ ਜਾਣਾ ਹੈ। ਇਹ ਮਿਸ਼ਨ ਭਲਕੇ ਸਵੇਰੇ 11.50 ’ਤੇ ਲਾਂਚ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਭਾਰਤ ਨੇ ‘ਚੰਦਰਯਾਨ-3’ ਮਿਸ਼ਨ ’ਚ ਸਫ਼ਲਤਾ ਹਾਸਲ ਕੀਤੀ ਹੈ ਤੇ ਚੰਦ ਦੀ ਸਤਹਿ ’ਤੇ ਸੌਫਟ ਲੈਂਡਿੰਗ ਕੀਤੀ ਹੈ। ਇਸਰੋ ਨੇ ਐਕਸ (ਪਹਿਲਾਂ ਟਵਿੱਟਰ) ਉਤੇ ਦੱਸਿਆ, ‘ਪੀਐੱਸਐਲਵੀ-ਸੀ57/ਆਦਿੱਤਿਆ-ਐਲ1 ਮਿਸ਼ਨ: 2 ਸਤੰਬਰ 2023 ਨੂੰ 11.50 ’ਤੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ।’ ਪੁਲਾੜ ਏਜੰਸੀ ਨੇ ਦੱਸਿਆ ਕਿ 23 ਘੰਟੇ 40 ਮਿੰਟ ਦਾ ‘ਕਾਊਂਟਡਾਊਨ’ ਅੱਜ ਦੁਪਹਿਰੇ 12.10 ’ਤੇ ਸ਼ੁਰੂ ਹੋਇਆ ਹੈ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਪਹਿਲਾਂ ਦੱਸਿਆ ਸੀ ਕਿ ਮਿਸ਼ਨ ਸਟੀਕ ਰੇਡੀਅਸ ਉਤੇ ਪਹੁੰਚਣ ਵਿਚ 125 ਦਿਨ ਲਏਗਾ। ਆਦਿੱਤਿਆ-ਐਲ1 ‘ਸੋਲਰ ਕਰੋਨਾ’ ਦੀ ਦੂਰੋਂ ਜਾਂਚ ਕਰੇਗਾ ਤੇ ਐਲ1 (ਸਨ-ਅਰਥ ਲਗਰਾਂਗਿਅਨ ਪੁਆਇੰਟ) ’ਤੇ ‘ਸੋਲਰ ਵਿੰਡ’ ਦਾ ਮੁਆਇਨਾ ਕਰੇਗਾ। Punjabi Akhar
