ਨਵੀਂ ਦਿੱਲੀ, 31 ਅਗਸਤ
ਦੇਸ਼ ਦੀ ਆਰਥਿਕ ਵਿਕਾਸ ਦਰ ਅਪਰੈਲ ਤੋਂ ਜੂਨ ਤੱਕ ਦੀ ਤਿਮਾਹੀ ਦੌਰਾਨ 7.8 ਫ਼ੀਸਦ ਦਰਜ ਕੀਤੀ ਗਈ। ਸਰਕਾਰੀ ਅੰਕੜਿਆਂ ਮੁਤਾਬਕ ਖੇਤੀ ਅਤੇ ਵਿੱਤੀ ਖੇਤਰਾਂ ਦੀ ਬਿਹਤਰ ਕਾਰਗੁਜ਼ਾਰੀ ਕਾਰਨ ਭਾਰਤ ਪ੍ਰਮੁੱਖ ਅਰਥਚਾਰਿਆਂ ’ਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਮੁਲਕ ਬਣਿਆ ਹੋਇਆ ਹੈ। ਸਾਲ 2022-23 ’ਚ ਜਨਵਰੀ-ਮਾਰਚ ਤਿਮਾਹੀ ਦੌਰਾਨ ਜੀਡੀਪੀ 6.1 ਫ਼ੀਸਦ ਸੀ ਅਤੇ ਅਕਤੂਬਰ-ਦਸੰਬਰ ਦੌਰਾਨ 4.5 ਫ਼ੀਸਦ ਰਹੀ ਸੀ। ਚੀਨ ਦੀ ਜੀਡੀਪੀ ਅਪਰੈਲ-ਜੂਨ ਤਿਮਾਹੀ ’ਚ 6.3 ਫ਼ੀਸਦ ਰਹੀ ਹੈ। ਕੌਮੀ ਅੰਕੜਾ ਦਫ਼ਤਰ ਦੇ ਅੰਕੜਿਆਂ ਮੁਤਾਬਕ ਖੇਤੀ ਸੈਕਟਰ ’ਚ ਜੀਵੀਏ ਮੌਜੂਦਾ ਵਿੱਤੀ ਵਰ੍ਹੇ ਦੀ ਜੂਨ ਤਿਮਾਹੀ ’ਚ 3.5 ਫ਼ੀਸਦ ਰਿਹਾ। Punjabi Akhar
ਵਿੱਤੀ ਘਾਟਾ ਪਹਿਲੇ ਚਾਰ ਮਹੀਨਿਆਂ ’ਚ ਬਜਟ ਅਨੁਮਾਨ ਦੇ 33.9 ਫ਼ੀਸਦ ’ਤੇ
ਨਵੀਂ ਦਿੱਲੀ: ਮੌਜੂਦਾ ਵਿੱਤੀ ਵਰ੍ਹੇ 2023-24 ਦੇ ਪਹਿਲੇ ਚਾਰ ਮਹੀਨਿਆਂ ’ਚ ਕੇਂਦਰ ਸਰਕਾਰ ਦਾ ਵਿੱਤੀ ਘਾਟਾ ਪੂਰੇ ਸਾਲ ਦੇ ਟੀਚੇ ਦੇ 33.9 ਫ਼ੀਸਦ ’ਤੇ ਪਹੁੰਚ ਗਿਆ ਹੈ। ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀਜੀਏ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪਰੈਲ ਤੋਂ ਲੈ ਕੇ ਜੁਲਾਈ ਦੇ ਅਖੀਰ ਤੱਕ ਵਿੱਤੀ ਘਾਟਾ ਅਸਲ ਸੰਦਰਭ ’ਚ 6.06 ਲੱਖ ਕਰੋੜ ਰੁਪਏ ਸੀ। ਪਿਛਲੇ ਸਾਲ ਇਸੇ ਸਮੇਂ ਦੌਰਾਨ ਵਿੱਤੀ ਘਾਟਾ ਕੁੱਲ ਬਜਟ ਅਨੁਮਾਨ ਦਾ 20.5 ਫ਼ੀਸਦ ਸੀ। ਸਰਕਾਰ ਨੇ ਮੌਜੂਦਾ ਵਿੱਤੀ ਵਰ੍ਹੇ 2023-24 ਦੇ ਬਜਟ ’ਚ ਵਿੱਤੀ ਘਾਟੇ ਨੂੰ ਜੀਡੀਪੀ ਦੇ 5.9 ਫ਼ੀਸਦ ਤੱਕ ਲਿਆਉਣ ਦਾ ਅੰਦਾਜ਼ਾ ਲਾਇਆ ਸੀ। ਪਿਛਲੇ ਵਿੱਤੀ ਵਰ੍ਹੇ ’ਚ ਵਿੱਤੀ ਘਾਟਾ ਜੀਡੀਪੀ ਦਾ 6.4 ਫ਼ੀਸਦ ਰਿਹਾ ਸੀ ।