ਮੂਲ ਅਨਾਜਾਂ ਦੀ ਖੇਤੀ ਕੇਵਲ ਆਰਥਿਕ ਪੱਖੋਂ ਤੋਂ ਹੀ ਲਾਹਵੰਦ ਨਹੀਂ ਬਲਕਿ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ-ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਮੂਲ ਅਨਾਜਾਂ ਦੀ ਖੇਤੀ ਕਰਕੇ ਪਿੰਡ ਰੰਗੀਲਪੁਰ ਦੇ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕਲਸੀ ਨੇ ਮਿਸਾਲ ਪੈਦਾ ਕੀਤੀ-ਕਿਸਾਨ ਨੇ ਆਪਣੇ ਤਜਰਬੇ ਕੀਤੇ ਸਾਂਝੇ

ਬਟਾਲਾ, 24 ਅਗਸਤ ( ਬਿਊਰੋ  )  ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਕਲਸੀ ਪੁੱਤਰ ਸ. ਭੋਲਾ ਸਿੰਘ, ਵਾਸੀ ਪਿੰਡ ਰੰਗੀਲਪੁਰ, ਬਲਾਕ ਬਟਾਲਾ (ਗੁਰਦਾਸਪੁਰ) ਨੇ ਮੂਲ ਅਨਾਜਾਂ ਦੀ ਖੇਤੀ ਕਰਕੇ ਪੂਰੇ ਇਲਾਕੇ ਵਿੱਚ ਮਿਸਾਲ ਪੈਦਾ ਕੀਤੀ ਹੈ ਤੇ ਆਪਣੇ ਤਜਰਬੇ ਨਾਲ ਸਿੱਧ ਕੀਤਾ ਹੈ ਕਿ ਰਵਾਇਤੀ ਫਸਲਾਂ ਦੇ ਮੁਕਾਬਲੇ ਮੂਲ ਅਨਾਜ ਦੀ ਖੇਤੀ ਆਰਥਿਕ ਤੇ ਸਿਹਤ ਪੱਖੋ ਬਹੁਤ ਲਾਹਵੰਦ ਹੈ।

ਗਰੈਜੂਏਟ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਦੇ ਗ੍ਰਹਿ ਵਿਖੇ ਅੱਜ ਸੰਦੀਪ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਤੇ ਉਨਾਂ ਦੀ ਟੀਮ ਪਹੁੰਚੀ। ਕਿਸਾਨ ਗੁਰਮੁੱਖ ਸਿੰਘ ਨੇ ਟੀਮ ਨਾਲ ਗੱਲਬਾਤ ਦੌਰਾਨ ਵਿਸਥਾਰ ਵਿੱਚ ਦੱਸਿਆ ਕਿ ਉਸਦੀ ਪਤਨੀ ਅਤੇ ਦੋ ਬੱਚੇ ਅਤੇ ਇਕ ਭਰਾ ਦਾ ਪਰਿਵਾਰ ਕੁਦਰਤੀ ਖੇਤੀ ਕਰ ਰਿਹਾ ਹੈ ਅਤੇ ਛੋਟੀ ਉਮਰ ਵਿੱਚ ਮਾਤਾ ਪਿਤਾ ਦਾ ਸਾਇਆ ਉੱਠ ਜਾਣ ਕਰਕੇ ਬਚਪਨ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਿਦਆਂ ਆਪਣੇ ਪਿਤਾ ਪੂਰਖੀ ਕਾਰਜ ਖੇਤੀ ਨੂੰ ਅੱਗੇ ਵਧਾਇਆ।

ਮੂਲ ਅਨਾਜ ਦੀ ਖੇਤੀ ਵੱਲ ਆਉਣ ਦਾ ਕਾਰਨ ਦੱਸਦਿਆਂ ਗੁਰਮੁੱਖ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਦ ਭਾਈ ਲਾਲੋ ਦੇ ਘਰ ਗਏ ਸਨ ਤਾਂ ਉਨਾਂ ਨੇ ਕੋਧਰੇ ਦੀ ਰੋਟੀ ਖਾਧੀ ਸੀ। ਇਸ ਗੱਲ ਤੋਂ ਉਹ ਬਹੁਤ ਪ੍ਰਭਾਵਿਤ ਸਨ, ਜਿਸ ਲਈ ਉਹ ਵੀ ਕੋਧਰੇ ਤੇ ਹੋਰ ਮੂਲ ਅਨਾਜਾਂ ਦੀ ਖੇਤੀ ਕਰਨ ਵੱਲ ਆਏ। ਉਨਾਂ ਦੱਸਿਆ ਕਿ ਉਹ ਕਣਕ ਤੇ ਝੋਨੇ ਤੋਂ ਇਲਾਵਾ ਮਸਰ, ਛੋਲੇ  ਤੇ ਸਰੋਂ ਦੀ ਖੇਤੀ ਕਰਦੇ ਸਨ ਪਰ ਸਾਲ 2015 ਤੋਂ ਉਨਾਂ ਮੂਲ ਅਨਾਜਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

ਉਨਾਂ ਮੂਲ ਅਨਾਜ ਜਿਵੇਂ ਕੋਧਰਾ, ਸਵਾਂਕ, ਕੰਗਣੀ, ਕੁਟਕੀ, ਹਰੀ ਕੰਗਣੀ, ਚੀਨਾ, ਜਵਾਰ ਤੇ ਬਾਜਰਾ ਦੀ ਗੱਲ ਕਰਦਿਆਂ ਦੱਸਿਆ ਕਿ ਉਨਾਂ ਪਹਿਲਾਂ 5-5 ਮਰਲਿਆਂ ਵਿੱਚ ਇਨਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਹੁਣ ਕਰੀਬ 3 ਏਕੜ ਵਿੱਚ ਮੂਲ ਅਨਾਜਾਂ ਦੀ ਖੇਤੀ ਕਰ ਰਹੇ ਹਨ। ਪਹਿਲੇ ਸਾਲ ਫਸਲ ਵਿੱਚ ਪਾਣੀ ਖੜ੍ਹਨ ਨਾਲ ਨੁਕਸਾਨ ਵੀ ਹੋਇਆ ਪਰ ਹੁਣ ਉਹ ਇਨਾਂ ਫਸਲਾਂ ਦੀ ਬੀਜਾਈ ਆਦਿ ਕਰਨ ਵਿੱਚ ਕਾਫੀ ਕੁਝ ਸਿੱਖ ਚੁੱਕੇ ਹਨ। ਮੂਲ ਅਨਾਜ ਸਾਉਣੀ ਦੀਆਂ ਫਸਲਾਂ ਵਿੱਚ ਆਉਂਦੀ ਹੈ।

ਉਨਾਂ ਮੂਲ ਅਨਾਜ ਖੇਤੀ ਨੂੰ ਲਾਹਵੰਦ ਦੱਸਿਆ ਤੇ ਕਿਹਾ ਕਿ ਇੱਕ ਏਕੜ ਵਿੱਚ ਕਰੀਬ 14 ਕੁਇੰਟਲ ਕੋਧਰਾ ਨਿਕਲਦਾ ਹੈ। ਇਸ ਉੱਪਰ ਬਿਜਾਈ, ਲਵਾਈ (ਪਨੀਰੀ ਬੀਜ ਕੇ), ਗੋਡੀਆਂ, ਕਟਾਈ (ਲੇਬਰ/ਕੰਬਾਇਨ) ਕਰੀਬ 27 ਹਜ਼ਾਰ ਰੁਪਏ ਖਰਚ ਆਉਂਦਾ ਹੈ। ਉਨਾਂ ਦੱਸਿਆ ਕਿ ਮਾਰਕਿਟ ਵਿੱਚ ਇੱਕ ਕਿਲੋ ਕੋਧਰਾ 125 ਰੁਪਏ ਤੱਕ ਵਿਕ ਜਾਂਦਾ ਹੈ ਤੇ 14 ਕੁਇੰਟਲ ਦੇ ਹਿਸਾਬ ਨਾਲ ਕੁਲ 1 ਲੱਖ 75 ਹਜ਼ਾਰ ਰੁਪਏ ਬਣਦਾ ਹੈ। ਇਸ ਵਿੱਚੋ ਜੇਕਰ ਪੂਰੀ ਤਿਆਰੀ ਕਰਕੇ ਸਾਰਾ ਖਰਚਾ 40 ਹਜ਼ਾਰ ਰੁਪਏ ਤੱਕ ਵੀ ਕੱਢ ਲਿਆ ਜਾਵੇ,  ਤਾਂ ਵੀ 1 ਲੱਖ 35 ਹਜ਼ਾਰ ਰੁਪਏ ਦਾ ਫਾਇਦਾ ਹੁੰਦਾ ਹੈ। ਉਨਾਂ ਦੱਸਿਆ ਕਿ ਜੇਕਰ ਸਾਰੇ ਮੂਲ ਅਨਾਜਾਂ ਨੂੰ ਮਿਕਸ ਕਰ ਲਿਆ ਜਾਵੇ ਤਾਂ ਉਹ 150 ਰੁਪਏ ਕਿਲੋ ਤੱਕ ਵੀ ਵਿਕਦਾ ਹੈ। ਉਨਾਂ ਦੱਸਿਆ ਕਿ ਬੇਸ਼ੱਕ ਕੋਧਰਾ ਅਤੇ ਬਾਕੀ ਮੂਲ ਅਨਾਜਾਂ ਵਿੱਚ ਕਾਸ਼ਤ, ਖਰਚਾ ਤੇ ਪੈਦਾਵਰ ਅਲੱਗ-ਅਲੱਗ ਹੈ ਪਰ ਆਰਥਿਕ ਫਾਇਦਾ ਰਵਾਇਤੀ ਫਸਲਾਂ ਨਾਲ ਵੱਧ ਹੀ ਹੈ।

ਉਨਾਂ ਅੱਗੇ ਦੱਸਿਆ ਕਿ ਮੂਲ ਅਨਾਜਾਂ ਦੀ ਬਿਜਾਈ ਦੌਰਾਨ ਹੀ ਪਾਣੀ ਲੱਗਦਾ ਹੈ ਅਤੇ ਇਹ ਬਿਨਾਂ ਦਵਾਈ ਦੇ ਫਸਲ ਹੈ, ਕੋਈ ਕੀੜਾ ਨਹੀਂ ਲੱਗਦਾ ਹੈ। ਇਹ ਨਾ ਸਿਰਫ ਆਰਥਿਕ ਪੱਖੋਂ ਲਾਹਵੰਦ ਹੈ ਬਲਕਿ ਸਿਹਤ, ਪਾਣੀ, ਵਾਤਾਵਰਣ ਤੇ ਮਿੱਟੀ ਦੀ ਸਿਹਤ ਲਈ ਵੀ ਵਰਦਾਨ ਹੈ। ਮੂਲ ਅਨਾਜ, ਸ਼ੂਗਰ, ਬਲੱਡ ਪਰੈਸ਼ਰ, ਥਾਈਰੈੱਡ ਦੇ ਮਰੀਜ਼ਾਂ ਲਈ ਵਰਦਾਨ ਹਨ ਅਤੇ ਮੁਟਾਪਾ ਘੱਟ ਕਰਨ ਵਿੱਚ ਇਸਦਾ ਕੋਈ ਤੋੜ ਨਹੀਂ ਹੈ।

ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਤੋਂ ਕੱਢ ਕੇ ਮੂਲ ਅਨਾਜਾਂ ਦੀ ਖੇਤੀ ਵੱਲ ਲਿਆਉਣ ਦੀ ਗੱਲ ਕਰਦਿਆਂ ਕਿਸਾਨ ਗੁਰਮੁੱਖ ਸਿੰਘ ਕਲਸੀ ਨੇ ਦੱਸਿਆ ਕਿ ਜਿਵੇਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਫਸਲ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ, ਓਸੇ ਤਰਜ਼ ’ਤੇ ਮੂਲ ਅਨਾਜਾਂ ਤੇ ਦਿੱਤੀ ਜਾਵੇ। ਪ੍ਰੋਸੈਸਿੰਗ ਪਲਾਂਟ ਹਾਈਟੈਕ ਕੀਤੇ ਜਾਣ। ਸਿੱਧੀ ਫਸਲ ਵੇਚਣ ਦੀ ਥਾਂ ਪ੍ਰੋਡੈਕਟ ਤਿਆਰ ਕਰਨ ਵਿੱਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੂਲ ਅਨਾਜ ਤੋਂ ਪਾਸਤਾ, ਬਿਸਕੁਟ, ਨਮਕੀਨ, ਸੇਵੀਆਂ, ਕੇਕ ਤੇ ਪਾਪੜ ਆਦਿ ਕੀਤੇ ਜਾ ਸਕਦੇ ਹਨ। ਕਿਸਾਨਾਂ ਨੂੰ ਹੁਨਰਮੰਦ ਬਣਾਉਣ ਲਈ ਹੋਰ ਯਤਨ ਕੀਤੇ ਜਾਣ।

ਇਸ ਮੌਕੇ ਗੱਲ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ, ਸਾਡੇ ਜ਼ਿਲ੍ਹੇ ਦਾ ਮਾਣ ਹਨ। ਇਨਾਂ ਨੂੰ ਆਤਮਾ ਸਕੀਮ ਬਟਾਲਾ ਵੱਲੋ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦਾ ਮੈਬਰ ਅਤੇ ਕਿਸਾਨ ਮਿੱਤਰ ਵਜੋ ਸ਼ਾਮਿਲ ਕੀਤਾ ਗਿਆ ਹੈ। ਸਮੇਂ ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਤੇ ਪੀ.ਏ.ਯੂ ਵਲੋਂ ਇਨਾਂ ਸਨਮਾਨਿਤ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਵੀ ਕਿਸਾਨ ਗੁਰਮੁੱਖ ਸਿੰਘ ਦੇ ਖੇਤੀ ਫਾਰਮ ਦਾ ਦੋਰਾ ਕੀਤਾ ਗਿਆ ਸੀ ਤੇ ਉਨਾਂ ਵਲੋਂ  ਵਲੋਂ ਕੀਤੇ ਜਾ ਰਹੇ ਕੰਮ ਦੀ ਭਰਵੀਂ ਸ਼ਲਾਘਾ ਕੀਤੀ ਸੀ। ਉਨਾਂ ਦੱਸਿਆ ਕਿ ‘ਦ ਯੂਨਾਈਟੈਡ ਨੈਸ਼ਨਜ਼’ ਜਨਰਲ ਐਸੰਬਲੀ ਵਲੋਂ ਸਾਲ 2023 ਨੂੰ ‘ਅੰਤਰਰਾਸ਼ਟਰੀ ਮਿਲਟਸ ਸਾਲ’ ਘੋਸ਼ਿਤ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਗੁਰਦਾਸਪੁਰ ਵਲੋਂ ਵੀ ਬਲਾਕ ਪੱਧਰ ਤੇ ਮੂਲ ਅਨਾਜ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਉਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਵਾਇਤੀ ਫਸਲਾਂ ਦੇ ਚੱਕਰ ਵਿੱਚ ਬਾਹਰ ਨਿਕਲਣ ਤੇ ਮੂਲ ਅਨਾਜਾਂ ਦੀ ਖੇਤੀ ਕਰਨ। ਆਉਣ ਵਾਲਾ ਸਮਾਂ ਮੂਲ ਅਨਾਜ ਖੇਤੀ ਦਾ ਹੈ। ਉਨਾਂ ਕਿਹਾ ਕਿ ਕਿਸਾਨ ਗੁਰਮੁੱਖ ਸਿੰਘ ਵਲੋਂ ਮੂਲ ਅਨਾਜਾਂ ਵੱਲ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਸੁਝਾਅ ਦਿੱਤੇ ਗਏ ਹਨ, ਉਹ ਖੇਤੀਬਾੜੀ ਵਿਭਾਗ ਕੋਲ ਭੇਜੇ ਜਾਣਗੇ। ਇਸ ਮੌਕੇ ਸੰਦੀਪ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਕੁਲਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਬਟਾਲਾ ਤੇ ਹਰਗੁਰਨੇਕ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਵੀ ਮੋਜੂਦ ਸਨ। Punjabi Akhar

Leave a Comment

[democracy id="1"]

You May Like This