ਵਾਰਾਨਸੀ (ਯੂਪੀ), 7 ਅਗਸਤ
ਭਾਰਤੀ ਪੁਰਾਤਤਵ ਸਰਵੇਖਣ ਦੀ ਟੀਮ (ਆਰਕਿਓਲਾਜੀਕਲ ਸਰਵੇ ਆਫ਼ ਇੰਡੀਆ) ਵੱਲੋਂ ਇੱਥੇ ਗਿਆਨਵਾਪੀ ਮਸਜਿਦ ਵਿੱਚ ਅੱਜ ਚੌਥੇ ਦਿਨ ਸਰਵੇਖਣ ਦਾ ਕੰਮ ਜਾਰੀ ਰਿਹਾ। ਦਰਅਸਲ, ਮਸਜਿਦ ਦੇ ਨਾਲ ਲੱਗਦੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਇਹ ਕੰਮ ਸ਼ੁਰੂ ਹੋਣ ਵਿੱਚ ਤਿੰਨ ਘੰਟੇ ਦੇਰੀ ਹੋ ਗਈ।
ਇਸ ਦੌਰਾਨ ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਐਤਵਾਰ ਨੂੰ ਗਿਆਨਵਾਪੀ ਕੰਪਲੈਕਸ ਦੇ ਤਿੰਨੋਂ ਗੁੰਬਦਾਂ ਤੇ ਬੇਸਮੈਂਟਾਂ ਦਾ ਸਰਵੇਖਣ ਕੀਤਾ ਗਿਆ, ਪਰ ਸੋਮਵਾਰ ਨੂੰ ਸਰਵੇਖਣ ਦਾ ਕੰਮ ਤਿੰਨ ਘੰਟਿਆਂ ਦੀ ਦੇਰੀ ਕਾਰਨ ਸਵੇਰੇ 11 ਵਜੇ ਤੱਕ ਹੀ ਸ਼ੁਰੂ ਕੀਤਾ ਜਾ ਸਕਿਆ, ਕਿਉਂਕਿ ਕੰਪਲੈਕਸ ਦੇ ਨਾਲ ਲੱਗਦੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੁੰ ਮੈਪਿੰਗ, ਗਿਣਤੀ-ਮਿਣਤੀ ਤੇ ਫੋਟੋਗ੍ਰਾਫੀ ਨਾਲ ਸਬੰਧਤ ਕੰਮ ਕੀਤਾ ਗਿਆ ਸੀ ਜੋ ਅੱਜ ਵੀ ਜਾਰੀ ਰਿਹਾ।
ਜ਼ਿਕਰਯੋਗ ਹੈ ਮੁਸਲਿਮ ਧਿਰ ਨੇ ਐਤਵਾਰ ਨੂੰ ਦੋਸ਼ ਲਾਇਆ ਸੀ ਕਿ ਅਜਿਹੀਆਂ ਅਫ਼ਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਸਰਵੇਖਣ ਦੌਰਾਨ ਹਿੰਦੂ ਮੂਰਤੀ ਅਤੇ ਇੱਕ ਤ੍ਰਿਸ਼ੂਲ ਮਿਲਿਆ ਹੈ ਤੇ ਉਨ੍ਹਾਂ ਪ੍ਰਸ਼ਾਸਨ ਨੂੰ ਅਜਿਹੀਆਂ ਅਫ਼ਵਾਹਾਂ ’ਤੇ ਰੋਕ ਲਾਉਣ ਲਈ ਕਿਹਾ ਸੀ। -Punjabi Akhar