ਸਿਡਨੀ, 6 ਅਗਸਤ
ਭਾਰਤ ਦੇ ਐੱਚਐੱਸ ਪ੍ਰਣੌਏ ਨੂੰ ਅੱਜ ਇੱਥੇ ਆਸਟਰੇਲੀਅਨ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਵੇਂਗ ਹੋਂਗ ਯਾਂਗ ਤੋਂ ਤਿੰਨ ਗੇਮ ਤੱਕ ਚੱਲੇ ਮੁਕਾਬਲੇ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਦੇ 31 ਸਾਲਾ ਪ੍ਰਣੌਏ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਚੰਗੀ ਵਾਪਸੀ ਕੀਤੀ ਪਰ ਫੈਸਲਾਕੁਨ ਗੇਮ ਵਿੱਚ ਪੰਜ ਅੰਕਾਂ ਦੀ ਲੀਡ ਦਾ ਫਾਇਦਾ ਨਹੀਂ ਚੁੱਕ ਸਕਿਆ ਅਤੇ ਉਸ ਨੂੰ ਦੁਨੀਆ ਦੇ 24ਵੇਂ ਨੰਬਰ ਦੇ ਖਿਡਾਰੀ ਤੋਂ 9-21, 23-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੋਰੀਆ ਓਪਨ (2022) ਅਤੇ ਚੀਨ ਓਪਨ (2019) ਦਾ ਖਿਤਾਬ ਜਿੱਤਣ ਵਾਲੇ ਯਾਂਗ ਨੇ ਇਸ ਜਿੱਤ ਨਾਲ ਮਲੇਸ਼ੀਆ ਮਾਸਟਰਜ਼ ਦੇ ਫਾਈਨਲ ਵਿੱਚ ਇਸ ਭਾਰਤੀ ਖਿਡਾਰੀ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਅੱਜ ਪਹਿਲੀ ਗੇਮ ਆਸਾਨੀ ਨਾਲ ਗੁਆਉਣ ਵਾਲੇ ਪ੍ਰਣੌਏ ਕੋਲ ਫੈਸਲਾਕੁਨ ਗੇਮ ਵਿੱਚ ਪੰਜ ਅੰਕਾਂ (19-14) ਦੀ ਲੀਡ ਸੀ ਪਰ ਵੇਂਗ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ। ਪ੍ਰਣੌਏ ਨੇ ਮੈਚ ਦੀ ਸ਼ੁਰੂਆਤ ਚੰਗੀ ਕੀਤੀ ਪਰ ਵੇਂਗ ਨੇ ਜ਼ਬਰਦਸਤ ਸਮੈਸ਼ ਨਾਲ ਸਕੋਰ 6-6 ਕਰ ਲਿਆ। ਮਗਰੋਂ ਚੀਨ ਦੇ ਇਸ ਖਿਡਾਰੀ ਨੇ ਦਬਦਬਾ ਬਣਾਉਂਦੇ ਹੋਏ 12 ਗੇਮ ਪੁਆਇੰਟ ਹਾਸਲ ਕੀਤੇ ਅਤੇ ਪ੍ਰਣੌਏ ਨੇ ਸ਼ਟਲ ਨੂੰ ਨੈੱਟ ’ਤੇ ਖੇਡ ਕੇ ਉਸ ਦਾ ਕੰਮ ਹੋਰ ਸੌਖਾ ਕਰ ਦਿੱਤਾ।
ਪਹਿਲੀ ਗੇਮ ਵੱਡੇ ਫਰਕ ਨਾਲ ਗੁਆਉਣ ਤੋਂ ਬਾਅਦ ਦੂਜੀ ਗੇਮ ਦੀ ਸ਼ੁਰੂਆਤ ’ਚ ਵੀ ਪ੍ਰਣੌਏ 0-3 ਨਾਲ ਪਛੜਨ ਮਗਰੋਂ ਦਬਾਅ ’ਚ ਸੀ। ਹਾਲਾਂਕਿ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ 2-4 ਅਤੇ ਫਿਰ 7-7 ਨਾਲ ਬਰਾਬਰ ਕਰ ਲਿਆ। ਬ੍ਰੇਕ ਤੱਕ ਉਸ ਕੋਲ 11-8 ਦੀ ਲੀਡ ਸੀ। ਮਗਰੋਂ ਅੰਤ ਤੱਕ ਚੀਨ ਦਾ ਖਿਡਾਰੀ ਉਸ ਦਾ ਪਿੱਛਾ ਕਰਦਾ ਰਿਹਾ। ਇੱਕ ਸਮੇਂ ਸਕੋਰ 21-21 ਹੋ ਗਿਆ ਪਰ ਪ੍ਰਣੌਏ ਨੇ ਲਗਾਤਾਰ ਦੋ ਅੰਕ ਲੈ ਕੇ ਗੇਮ ਜਿੱਤ ਲਈ।
ਪ੍ਰਣੌਏ ਨੇ ਤੀਜੀ ਗੇਮ ਵਿੱਚ ਵੀ ਆਪਣੀ ਲੈਅ ਬਰਕਰਾਰ ਰੱਖਦਿਆਂ 6-3 ਦੀ ਲੀਡ ਹਾਸਲ ਕੀਤੀ। ਉਸ ਦੀ ਇਹ ਤਿੰਨ ਅੰਕਾਂ ਦੀ ਲੀਡ ਬ੍ਰੇਕ ਤੱਕ ਵੀ ਜਾਰੀ ਸੀ। ਵੇਂਗ ਦੀਆਂ ਗਲਤੀਆਂ ਦਾ ਫਾਇਦਾ ਚੁੱਕਦਿਆਂ ਪ੍ਰਣੌਏ ਨੇ 15-9 ਦੀ ਲੀਡ ਲਈ ਪਰ ਚੀਨੀ ਖਿਡਾਰੀ ਨੇ ਵਾਪਸੀ ਕਰਦਿਆਂ ਸਕੋਰ 19-19 ਕਰ ਦਿੱਤਾ। ਇਸ ਮਗਰੋਂ ਪ੍ਰਣੌਏ ਨੇ ਨੈੱਟ ਦੀ ਸ਼ਾਨਦਾਰ ਵਰਤੋਂ ਕਰਦਿਆਂ ਚੈਂਪੀਅਨਸ਼ਿਪ ਪੁਆਇੰਟ ਜਿੱਤਣ ਦਾ ਮੌਕਾ ਬਣਾਇਆ ਪਰ ਕਿਸਮਤ ਨੇ ਵੇਂਗ ਦਾ ਸਾਥ ਦਿੱਤਾ ਅਤੇ ਸ਼ਟਲ ਨੈੱਟ ਨਾਲ ਟਕਰਾਉਣ ਮਗਰੋਂ ਉਸ ਦੇ ਪਾਸੇ ਹੀ ਡਿੱਗ ਗਈ। ਫਿਰ ਵੇਂਗ ਨੇ ਲਗਾਤਾਰ ਅੰਕ ਹਾਸਲ ਕਰ ਕੇ ਚੈਂਪੀਅਨਸ਼ਿਪ ਪੁਆਇੰਟ ਹਾਸਲ ਕੀਤਾ ਅਤੇ ਉਸ ਦੇ ਸਮੈਸ਼ ’ਤੇ ਪ੍ਰਣੌਏ ਸ਼ਟਲ ਨੂੰ ਕੋਰਟ ਦੇ ਬਾਹਰ ਮਾਰ ਬੈਠਿਆ, ਜਿਸ ਸਦਕਾ ਵੇਂਗ ਨੇ ਖਿਤਾਬ ਜਿੱਤ ਲਿਆ। Punjabi Akhar