ਫੁਟਬਾਲ ਮਹਿਲਾ ਵਿਸ਼ਵ ਕੱਪ: ਸਵੀਡਨ ਨੇ ਅਮਰੀਕਾ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ

ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾਇਆ; ਜੇਤੂ ਟੀਮ ਦਾ ਅਗਲਾ ਮੁਕਾਬਲਾ ਜਪਾਨ ਨਾਲ

ਮੈਲਬਰਨ, 6 ਅਗਸਤ

ਸਵੀਡਨ ਨੇ ਇੱਥੇ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਚਾਰ ਵਾਰ ਦੀ ਚੈਂਪੀਅਨ ਅਮਰੀਕਾ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ’ਚ 5-4 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਮਹਿਲਾ ਵਿਸ਼ਵ ਕੱਪ ਵਿੱਚ ਅਮਰੀਕਾ ਦਾ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। ਟੀਮ ਪਹਿਲੀ ਵਾਰ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ। ਨਿਯਮਤ ਸਮੇਂ ਵਿੱਚ ਮੈਚ ਗੋਲ ਰਹਿਤ ਡਰਾਅ ਰਿਹਾ। ਮਗਰੋਂ 30 ਮਿੰਟ ਦੇ ਵਾਧੂ ਸਮੇਂ ’ਚ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ। ਇਸ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੈਚ ਹੈ ਜੋ ਵਾਧੂ ਸਮੇਂ ’ਚ ਗਿਆ। ਸਵੀਡਨ ਨੇ ਇਸ ਤੋਂ ਪਹਿਲਾਂ 2016 ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਵੀ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾਇਆ ਸੀ। ਪੈਨਲਟੀ ਦੀਆਂ ਛੇ ਕੋਸ਼ਿਸ਼ਾਂ ਤੋਂ ਬਾਅਦ ਦੋਵੇਂ ਟੀਮਾਂ 4-4 ਦੀ ਬਰਾਬਰੀ ’ਤੇ ਸਨ। ਇਸ ਮਗਰੋਂ ਅਮਰੀਕਾ ਦੀ ਟੀਮ ਇੱਕ ਗੋਲ ਕਰਨ ਤੋਂ ਖੁੰਝ ਗਈ ਜਦਕਿ ਲੀਨਾ ਹਰਟਿੰਗ ਨੇ ਗੋਲ ਕਰ ਕੇ ਸਵੀਡਨ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਾਇਆ। ਇਸ ਦੌਰਾਨ ਅਮਰੀਕੀ ਗੋਲਕੀਪਰ ਐਲੀਸਾ ਨੈਹਰ ਨੇ ਦਾਅਵਾ ਕੀਤਾ ਕਿ ਉਸ ਨੇ ਹਰਟਿੰਗ ਦੀ ਕੋਸ਼ਿਸ਼ ਨੂੰ ਬਚਾ ਲਿਆ ਸੀ ਪਰ ਰੈਫਰੀ ਨੇ ਇਸ ਨੂੰ ਲਾਈਨ ਦੇ ਅੰਦਰ ਕਰਾਰ ਦਿੱਤਾ, ਜਿਸ ਮਗਰੋਂ ਸਵੀਡਨ ਦੇ ਪ੍ਰਸ਼ੰਸਕ ਸਟੇਡੀਅਮ ਵਿੱਚ ਜਸ਼ਨ ਮਨਾਉਣ ਲੱਗ ਪਏ। ਕੁਆਰਟਰ ਫਾਈਨਲ ਵਿੱਚ ਸਵੀਡਨ ਦਾ ਮੁਕਾਬਲਾ 2011 ਦੇ ਵਿਸ਼ਵ ਕੱਪ ਜੇਤੂ ਜਾਪਾਨ ਨਾਲ ਹੋਵੇਗਾ। Punjabi Akhar 

ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਨੈਦਰਲੈਂਡਜ਼ ਕੁਆਰਟਰ ਫਾਈਨਲ ’ਚ

ਸਿਡਨੀ: ਨੈਦਰਲੈਂਡਜ਼ ਨੇ ਅੱਜ ਇੱਥੇ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਫੁਟਬਾਲ ਮਹਿਲਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿਡਨੀ ਫੁਟਬਾਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਜਿਲ ਰੂਰਡ ਅਤੇ ਲਿਨੇਥ ਬੀਰੇਨਸਟਾਈਨ ਨੇ ਇੱਕ-ਇੱਕ ਗੋਲ ਕਰ ਕੇ 2019 ਦੇ ਉਪ ਜੇਤੂ ਨੂੰ ਆਖਰੀ ਅੱਠ ਵਿੱਚ ਜਗ੍ਹਾ ਦਿਵਾਈ। ਟੂਰਨਾਮੈਂਟ ’ਚ ਉਲਟਫੇਰ ਕਰ ਕੇ ਨਾਕਆਊਟ ਗੇੜ ’ਚ ਪਹੁੰਚਣ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਨੈਦਰਲੈਂਡਜ਼ ਨੂੰ ਆਸਾਨੀ ਨਾਲ ਜਿੱਤਣ ਨਹੀਂ ਦਿੱਤਾ। ਉਧਰ ਨੈਦਰਲੈਂਡਜ਼ ਦੀ ਗੋਲਕੀਪਰ ਡੈਫਨੇ ਵੈਨ ਡੋਮਸੇਲਾਰ ਨੇ ਦੱਖਣੀ ਅਫਰੀਕਾ ਦੇ ਕਈ ਹਮਲਿਆਂ ਨੂੰ ਨਾਕਾਮ ਕੀਤਾ। ਹੁਣ ਨੈਦਰਲੈਂਡਜ਼ ਦੀ ਟੀਮ ਕੁਆਰਟਰ ਫਾਈਨਲ ਵਿੱਚ ਸਪੇਨ ਨਾਲ ਭਿੜੇਗੀ ਪਰ ਉਸ ਦੀ ਸਟਾਰ ਖਿਡਾਰਨ ਵਾਨ ਡੀ ਡੌਂਕ ਦੂਜਾ ਪੀਲਾ ਕਾਰਡ ਮਿਲਣ ਕਾਰਨ ਇਹ ਮੈਚ ਨਹੀਂ ਖੇਡ ਸਕੇਗੀ। Punjabi Akhar 

Leave a Comment

[democracy id="1"]

You May Like This