ਮਨੀਪੁਰ ’ਚ ਹਾਲਾਤ ਅਤਿਅੰਤ ਨਾਜ਼ੁਕ ਹਨ। ਵੀਰਵਾਰ ਬਿਸ਼ਨੂੰਪੁਰ ਜ਼ਿਲ੍ਹੇ ਵਿਚ ਹੋਈ ਹਿੰਸਾ ਅਤੇ ਪੁਲੀਸ ਦੇ ਅਸਲ੍ਹਾਖਾਨਿਆਂ ਤੋਂ ਹਥਿਆਰਾਂ ਦੀ ਲੁੱਟ ਨਵੇਂ ਸਵਾਲ ਖੜ੍ਹੇ ਕਰਦੀ ਹੈ। ਇਹ ਹਿੰਸਾ 3 ਮਈ ਤੋਂ ਸ਼ੁਰੂ ਹੋਈ ਜਿਸ ਵਿਚ ਚਾਰ ਹਜ਼ਾਰ ਤੋਂ ਜ਼ਿਆਦਾ ਹਥਿਆਰ ਪਹਿਲਾਂ ਲੁੱਟੇ ਗਏ ਸਨ ਅਤੇ ਪੁਲੀਸ ਸਰੋਤਾਂ ਅਨੁਸਾਰ ਉਨ੍ਹਾਂ ਵਿਚੋਂ ਬਹੁਤ ਘੱਟ ਗਿਣਤੀ ਵਿਚ ਵਾਪਸ ਆਏ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ ਬਹੁਗਿਣਤੀ ਮੈਤੇਈ ਭਾਈਚਾਰੇ ਨਾਲ ਸਬੰਧਿਤ ਭੀੜ ਨੇ ਵੀਰਵਾਰ ਬਿਸ਼ਨੂੰਪੁਰ ਜ਼ਿਲ੍ਹੇ ਵਿਚੋਂ ਸੈਲਫ ਲੋਡਿੰਗ ਰਾਈਫਲਾਂ (ਐੱਸਐੱਲਆਰ) ਤੇ ਐਮਪੀ-5 ਰਾਈਫਲਾਂ, 9 ਐੱਮਐੱਮ ਦੇ ਪਿਸਤੌਲ, ਕਾਰਬਾਈਨਾਂ, ਘਟਕ ਰਾਈਫਲਾਂ, ਹੈਂਡ ਗ੍ਰਨੇਡ ਅਤੇ 19000 ਤੋਂ ਜ਼ਿਆਦਾ ਗਿਣਤੀ ਵਿਚ ਗੋਲਾ ਬਾਰੂਦ ਲੁੱਟਿਆ। ਮਨੀਪੁਰ ਪੁਲੀਸ ਅਨੁਸਾਰ ਇਹ ਹਥਿਆਰ ਤੇ ਗੋਲਾ ਬਾਰੂਦ ਇਕ ਪੁਲੀਸ ਸਟੇਸ਼ਨ ਅਤੇ ਮਨੀਪੁਰ ਆਰਮਡ ਪੁਲੀਸ ਦੀ ਦੂਸਰੀ ਬਟਾਲੀਅਨ ਦੇ ਅਸਲ੍ਹਾਖਾਨਿਆਂ ’ਚੋਂ ਲੁੱਟੇ ਗਏ। ਭੀੜ ਨੇ ਦੋ ਹੋਰ ਪੁਲੀਸ ਸਟੇਸ਼ਨਾਂ ਵਿਚੋਂ ਵੀ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸੁਰੱਖਿਆ ਬਲਾਂ ਦੇ ਦਸਤਿਆਂ ਨੇ ਸਫ਼ਲ ਨਹੀਂ ਹੋਣ ਦਿੱਤਾ। ਕਈ ਥਾਵਾਂ ’ਤੇ ਹਥਿਆਰਬੰਦ ਲੁਟੇਰਿਆਂ ਅਤੇ ਪੁਲੀਸ ਵਿਚਕਾਰ ਗੋਲੀ ਵੀ ਚੱਲੀ। ਪੱਛਮੀ ਇੰਫ਼ਾਲ ਵਿਚ ਪੁਲੀਸ ਦੇ ਇਕ ਜਵਾਨ ਨੂੰ ਸਨਾਈਪਰ (ਸ਼ਹਿ ਲਾ ਕੇ ਗੋਲੀ ਮਾਰਨ ਵਾਲਾ) ਨੇ ਸਿਰ ਵਿਚ ਗੋਲੀ ਮਾਰ ਕੇ ਮਾਰ ਦਿੱਤਾ। ਇਕ ਦੋ ਥਾਵਾਂ ’ਤੇ ਪੁਲੀਸ ਨੇ ਅੱਥਰੂ ਗੈਸ ਵਰਤੀ। Punjabi Akhar
