ਦਰਬਾਰ ਸਾਹਿਬ ਵਿਖੇ ਦਰਸ਼ਨੀ ਡਿਓਢੀ ਦੀ ਕਾਰ ਸੇਵਾ ਸ਼ੁਰੂ

ਅੰਮ੍ਰਿਤਸਰ, 5 ਅਗਸਤ

ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨੀ ਡਿਓਢੀ ਦੇ ਉੱਪਰਲੇ ਹਿੱਸੇ ਦੇ ਅੰਦਰੂਨੀ ਭਾਗ ਦੀ ਮੁਰੰਮਤ ਦੀ ਕਾਰ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਹੋ ਗਈ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨੀ ਡਿਓਢੀ ਦੀ ਮੁਰੰਮਤ ਕਰਨ ਦਾ ਅੰਤ੍ਰਿੰਗ ਕਮੇਟੀ ਨੇ ਫੈਸਲਾ ਕੀਤਾ ਸੀ। ਇਸ ਕਾਰਜ ਦੀ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਦਰਸ਼ਨੀ ਡਿਓਢੀ ਦੇ ਉਪਰਲੇ ਭਾਗ ਦੇ ਅੰਦਰੂਨੀ ਹਿੱਸੇ ਦੀ ਮੁਰੰਮਤ ਪੁਰਾਤਨ ਦਿੱਖ ਅਨੁਸਾਰ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਰਸ਼ਨੀ ਡਿਓਢੀ ਦੇ ਅੰਦਰ ਹੋਈ ਮੀਨਾਕਾਰੀ ਨੂੰ ਹੂਬਹੂ ਉਸੇ ਤਰ੍ਹਾਂ ਹੀ ਸੁਰੱਖਿਅਤ ਰੱਖਿਆ ਜਾਵੇਗਾ। ਅੱਜ ਸੇਵਾ ਦੀ ਆਰੰਭਤਾ ਮੌਕੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਆਸਟਰੇਲੀਆ ਦੀ ਅਦਾਲਤ ਵੱਲੋਂ ਸਿੱਖਾਂ ਦੇ ਹੱਕ ਵਿੱਚ ਫ਼ੈਸਲੇ ਦੀ ਸ਼ਲਾਘਾ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਟ੍ਰੇਲੀਆ ਦੀ ਕੁਈਨਜ਼ਲੈਂਡ ਉੱਚ ਅਦਾਲਤ ਵੱਲੋਂ ਸਿੱਖ ਕੱਕਾਰ ਸ੍ਰੀਸਾਹਿਬ ਸਬੰਧੀ ਚੱਲ ਰਹੇ ਇਕ ਕੇਸ ਵਿਚ ਸਿੱਖਾਂ ਦੇ ਹੱਕ ’ਚ ਫੈਸਲਾ ਦੇਣ ਦਾ ਸਵਾਗਤ ਕੀਤਾ ਹੈ। ਸ੍ਰੀ ਧਾਮੀ ਨੇ ਕਿਹਾ ਕਿ ਆਸਟ੍ਰੇਲੀਆ ’ਚ ਸਿੱਖਾਂ ਦੀ ਧਾਰਮਿਕ ਅਜ਼ਾਦੀ ਨਾਲ ਜੁੜੇ ਇਸ ਮਸਲੇ ਦਾ ਹੱਲ ਸਿੱਖ ਭਾਵਨਾਵਾਂ ਅਨੁਸਾਰ ਕਰਕੇ ਅਦਾਲਤ ਨੇ ਇਕ ਮਿਸਾਲ ਕਾਇਮ ਕੀਤੀ ਹੈ। Punjabi Akhar 

Leave a Comment

[democracy id="1"]

You May Like This