ਸ੍ਰੀ ਕੀਰਤਪੁਰ ਸਾਹਿਬ-ਨੇਰ ਚੌਕ ’ਤੇ ਖੁੱਲ੍ਹੇ ਟੌਲ ਪਲਾਜ਼ੇ ਦਾ ਪਹਿਲੇ ਦਿਨ ਹੀ ਵਿਰੋਧ

ਸ੍ਰੀ ਕੀਰਤਪੁਰ ਸਾਹਿਬ, 6 ਅਗਸਤ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਤੇ ਕੁੱਲੂ-ਮਨਾਲੀ ਜਾਣ ਵਾਲਿਆਂ ਲਈ ਸ੍ਰੀ ਕੀਰਤਪੁਰ ਸਾਹਿਬ-ਨੇਰ ਚੌਕ ਮੁੱਖ ਮਾਰਗ ਨੂੰ ਅੱਜ ਆਵਾਜਾਈ ਲਈ ਖੋਲ੍ਹਿਆ ਗਿਆ। ਅੱਜ ਸ੍ਰੀ ਕੀਰਤਪੁਰ ਸਾਹਿਬ ਤੋਂ ਕੁੱਝ ਦੂਰੀ ’ਤੇ ਪਿੰਡ ਮੋੜਾ ਵਿੱਚ ਲੱਗਿਆ ਟੌਲ ਪਲਾਜ਼ਾ ਵੀ ਸਵੇਰੇ 8 ਵਜੇ ਚਾਲੂ ਕਰ ਦਿੱਤਾ ਗਿਆ। ਟੌਲ ਪਲਾਜ਼ਾ ਸ਼ੁਰੂ ਹੁੰਦਿਆਂ ਹੀ ਨੇੜਲੇ ਪਿੰਡਾਂ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਨਾਅਰੇਬਾਜ਼ੀ ਕਰਦਿਆਂ 20 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਲੋਕਾਂ ਦੀਆਂ ਗੱਡੀਆਂ ਲਈ ਲਾਂਘਾ ਮੁਫ਼ਤ ਕਰਨ ਦੀ ਮੰਗ ਕੀਤੀ।

ਇਸ ਮੌਕੇ ਮਾਨ ਸਿੰਘ ਧੀਮਾਨ ਉਪ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਲਾਸਪੁਰ, ਕੈਪਟਨ ਬਹਾਦਰ ਸਿੰਘ ਬਰੂਵਾਲ, ਹਰਦਿਆਲ ਸਿੰਘ ਸਰਪੰਚ ਮੱਸੇਵਾਲ , ਬਹਾਦਰ ਸਿੰਘ ਪ੍ਰਧਾਨ, ਉਪ ਪ੍ਰਧਾਨ ਜਗਤਾਰ ਰਾਮ, ਸਤੀਸ਼ ਕੁਮਾਰ ਗਰਾ ਮੋੜਾ, ਜਗਦੀਪ ਠਾਕੁਰ ਸਵਰਨਯੋਗ ਅਤੇ ਰੰਗੀ ਰਾਮ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਉਹ ਟੌਲ ਪਲਾਜ਼ਾ ਪਰਚੀ ਨਹੀਂ ਕਟਵਾਉਣਗੇ ਅਤੇ ਨਾ ਹੀ ਕੋਈ ਮਹੀਨੇ ਵਾਲਾ ਪਾਸ ਲੈਣਗੇ। ਉਨ੍ਹਾਂ ਕਿਹਾ ਇਸ ਟੌਲ ਦੀ ਮਿਆਦ 26 ਸਾਲ ਹੈ, ਜਿਸ ਦਾ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲਾਭ ਘੱਟ ਅਤੇ ਨੁਕਸਾਨ ਵੱਧ ਹੋਵੇਗਾ। ਲੋਕਾਂ ਨੇ ਟੌਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ 20 ਕਿਲੋਮੀਟਰ ਦੇ ਘੇਰੇ ਵਿੱਚ ਵੱਸੇ ਪਿੰਡਾਂ ਦੇ ਲੋਕਾਂ ਦੇ ਲਈ ਇਹ ਟੋਲ ਪਲਾਜ਼ਾ ਬਿਲਕੁਲ ਮੁਫ਼ਤ ਕੀਤਾ ਜਾਵੇ ਅਤੇ ਸਥਾਨਕ ਬੇਰੁਜ਼ਗਾਰ ਨੌਜਵਾਨਾਂ ਨੂੰ ਟੌਲ ਕੰਪਨੀ ਵਿਚ ਰੁਜ਼ਗਾਰ ਦਿੱਤਾ ਜਾਵੇ। ਲੋਕਾਂ ਨੇ ਕਿਹਾ ਕਿ ਜੇਕਰ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ।

‘ਉੱਚ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਲਿਆ ਜਾਵੇਗਾ ਫ਼ੈਸਲਾ’

ਟੌਲ ਕੰਪਨੀ ਦੇ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਕਾਨੂੰਨ ਅਨੁਸਾਰ ਉਹ ਕਿਸੇ ਨੂੰ ਵੀ ਬਿਨਾਂ ਪਰਚੀ ਕੱਟੇ ਟੌਲ ਤੋਂ ਲੰਘਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਵਾਰ-ਵਾਰ ਟੌਲ ਪਲਾਜ਼ੇ ਤੋਂ ਲੰਘਣਾ ਹੈ ਤਾਂ ਉਹ 330 ਰੁਪਏ ਦਾ ਮਹੀਨੇ ਵਾਲਾ ਆਪਣਾ ਪਾਸ ਬਣਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਆਪਣੀ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨਗੇ ਤੇ ਇਸ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਟੌਲ ਪਰਚੀ ਦੇ ਵੱਧ ਰੇਟ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਸਿੰਗਲ ਰੋਡ ਸੀ, ਹੁਣ ਚਾਰ ਮਾਰਗੀ ਹੈ, ਸਫ਼ਰ ਵਿਚ 20-22 ਕਿਲੋਮੀਟਰ ਦੀ ਬੱਚਤ ਅਤੇ ਸਮਾਂ ਘੱਟ ਲੱਗੇਗਾ, ਤੇਲ ਦੀ ਵੀ ਬੱਚਤ ਹੋਵੇਗੀ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਰੋਡ ਦੇ ਅਨੁਸਾਰ ਹੀ ਟੌਲ ਪਰਚੀ ਨਿਰਧਾਰਿਤ ਕੀਤੀ ਹੈ। ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਮੌਜੂਦ ਸਨ। Punjabi Akhar 

Leave a Comment

[democracy id="1"]

You May Like This