ਜਲੰਧਰ, 6 ਅਗਸਤ
ਇਰਾਕ ਵਿੱਚ ਵੇਚੀਆਂ ਦੋ ਪੰਜਾਬ ਦੀਆਂ ਧੀਆਂ ਵਾਪਸ ਆ ਗਈਆਂ ਹਨ। ਇਨ੍ਹਾਂ ਨੂੰ ਦੋ ਮਹੀਨੇ ਪਹਿਲਾਂ ਟਰੈਵਲ ਏਜੰਟਾਂ ਨੇ ਇੱਕ ਕੰਪਨੀ ਕੋਲ 10 ਤੋਂ 12 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਇਨ੍ਹਾਂ ਲੜਕੀਆਂ ਨੇ ਕਿਹਾ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਕੋਲੋ 70-70 ਹਜ਼ਾਰ ਰੁਪਏ ਲੈ ਕੇ ਵੱਡੇ ਮੁਲਕਾਂ ਨੂੰ ਭੇਜਣ ਅਤੇ ਮੋਟੀਆਂ ਤਨਖਾਹਾਂ ਦਾ ਲਾਲਚ ਦਿੱਤਾ ਸੀ। ਕਪੂਰਥਲਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਇਨ੍ਹਾਂ ਲੜਕੀਆਂ ਨੂੰ 35 ਤੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਇਕ ਲੜਕੀ ਨੂੰ ਗਰੀਸ ਭੇਜਣ ਦੀ ਥਾਂ ਧੋਖੇ ਨਾਲ ਇਰਾਕ ਵਿੱਚ ਭਿਜਵਾ ਦਿੱਤਾ ਤੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ। ਦੂਜੀ ਲੜਕੀ ਨੂੰ ਹਾਂਗਕਾਂਗ ਭੇਜਣ ਦਾ ਲਾਰਾ ਲਾਇਆ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਇਰਾਕ ਵਿੱਚ 30 ਤੋਂ 40 ਲੜਕੀਆਂ ਫਸੀਆਂ ਹੋਈਆਂ ਹਨ।