ਭਾਜਪਾ ਦੀ ਫਿਰਕੂ ਕਤਾਰਬੰਦੀ ਖ਼ਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ

ਜਲੰਧਰ, 6 ਅਗਸਤ

ਭਾਰਤ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਕੇਂਦਰੀ ਕਮੇਟੀ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਜੁੜੇ ਸੰਗਠਨਾਂ ਵੱਲੋਂ ਮੋਦੀ-ਸ਼ਾਹ ਸਰਕਾਰ ਦੇ ਥਾਪੜੇ ਨਾਲ ਦੇਸ਼ ਭਰ ’ਚ ਝੁਲਾਈ ਜਾ ਰਹੀ ਫਿਰਕੂ ਹਿੰਸਾ ਖ਼ਿਲਾਫ਼ ਦੇਸ਼ ਵਿਆਪੀ ਲਾਮਬੰਦੀ ਅਤੇ ਚੇਤਨਾ ਮੁਹਿੰਮ ਵਿੱਢ ਦਿੱਤੀ ਗਈ ਹੈ ਜਿਸ ਤਹਿਤ ਪੰਜਾਬ ਅੰਦਰ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਪਾਰਟੀ ਵਲੋਂ ਦੋ ਸੂਬਾਈ ਜਥੇ ਭੇਜੇ ਜਾਣਗੇ। ਇਹ ਜਥੇ ਸੂਬੇ ਅੰਦਰ ਸੈਂਕੜੇ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ ਤੇ ਸੰਘ-ਭਾਜਪਾ ਦੇ ਧਰਮ ਆਧਾਰਿਤ ਕੱਟੜ ਰਾਸ਼ਟਰ ਦੀ ਕਾਇਮੀ ਅਤੇ 2024 ਦੀਆਂ ਆਮ ਚੋਣਾਂ ’ਚ ਭਾਜਪਾ ਸਰਕਾਰ ਦੀ ਮੁੜ ਕਾਇਮੀ ਲਈ ਕੀਤੀ ਜਾ ਰਹੀ ਫਿਰਕੂ ਕਤਾਰਬੰਦੀ ਦੇ ਨਤੀਜਿਆਂ ਤੋਂ ਲੋਕਾਂ ਨੂੰ ਜਾਣੂੰ ਕਰਾਉਣਗੇ। ਇਹ ਫੈਸਲਾ ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਜਲੰਧਰ ਵਿਚ ਸੱਦੀ ਗਈ ਸੂਬਾਈ ਕਨਵੈਨਸ਼ਨ ਵਿੱਚ ਪ੍ਰਤੀਨਿਧਾਂ ਵੱਲੋਂ ਸਰਬਸੰਮਤੀ ਨਾਲ ਕੀਤਾ ਗਿਆ।

ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਮਨੀਪੁਰ ਵਿਚ ਕਤਲੋ-ਗਾਰਤ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਸੂਬੇ ਦੇ ਇਸ ਹਾਲਾਤ ਬਾਰੇ ਪ੍ਰਧਾਨ ਮੰਤਰੀ ਮੋਦੀ ਦੀ ਨਿਖੇਧੀ ਕੀਤੀ। ਉਨ੍ਹਾਂ ਗੁਆਂਢੀ ਸੂਬੇ ਹਰਿਆਣਾ ਅੰਦਰ ਉੱਥੋਂ ਦੀ ਖੱਟਰ ਸਰਕਾਰ ਦੀ ਸ਼ਹਿ ਨਾਲ ਸੰਘੀ ਸੰਗਠਨਾਂ ਵੱਲੋਂ ਪੈਦਾ ਕੀਤੇ ਫਿਰਕੂ ਤਣਾਅ ਦੀ ਵੀ ਨਿਖੇਧੀ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਫ਼ਿਰਕੂ ਹਿੰਸਾ ਦੇ ਭਾਂਬੜ ਤੋਂ ਬਚਾਉਣ ਅਤੇ ਭਾਰਤ ਦੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਦੀ ਰਾਖੀ ਲਈ 2024 ਦੀਆਂ ਆਮ ਚੋਣਾਂ ’ਚ ਮੋਦੀ ਸਰਕਾਰ ਨੂੰ ਸੱਤਾ ਤੋਂ ਪਾਸੇ ਕੀਤੇ ਬਿਨਾਂ ਦੇਸ਼ ਵਾਸੀਆਂ ਸਾਹਮਣੇ ਮੌਜੂਦਾ ਸਮੇਂ ’ਚ ਹੋਰ ਕੋਈ ਰਾਹ ਨਹੀਂ ਬਚਿਆ। ਮੋਦੀ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਇਕੋ ਜਿਹੀਆਂ ਹੀ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਦੋਨੋਂ ਹੀ ਸਰਕਾਰਾਂ ਲੋਕਾਂ ਦੇ ਮਸਲੇ ਹੱਲ ਨਹੀਂ ਕਰ ਰਹੀਆਂ। ਕਨਵੈਨਸ਼ਨ ਦੀ ਪ੍ਰਧਾਨਗੀ ਪਾਰਟੀ ਦੀ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ ਨੇ ਕੀਤੀ। ਸਟੇਜ ਦੀ ਕਾਰਵਾਈ ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਚਲਾਈ। ਇਸ ਮੌਕੇ ਪ੍ਰਗਤੀਵਾਦੀ ਲੇਖਕ ਅਤੇ ਲੋਕ ਘੋਲਾਂ ਦੇ ਮਿਸਾਲੀ ਸਾਥੀ ਹਰਭਜਨ ਸਿੰਘ ਹੁੰਦਲ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕਨਵੈਨਸ਼ਨ ਉਪਰੰਤ ਦੇਸ਼ ਭਗਤ ਯਾਦਗਾਰ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੌਕ ਤੱਕ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ। Punjabi Akhar 

Leave a Comment

[democracy id="1"]

You May Like This